ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਮਿੱਕੀ ਹੋਥੀ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ। ਪੰਜਾਬ ਤੋਂ ਆਏ ਮਾਪਿਆਂ ਦੇ ਪੁੱਤ ਮਿੱਕੀ ਲੋਦੀ ਸ਼ਹਿਰ ਦੇ ਇਤਿਹਾਸ ‘ਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਹੋਠੀ ਨੇ ਪਹਿਲਾਂ ਮੇਅਰ ਮਾਰਕ ਚੈਂਡਲਰ ਦੇ ਅਧੀਨ ਉਪ-ਮੇਅਰ ਵਜੋਂ ਸੇਵਾ ਕੀਤੀ ਸੀ। ਸ਼ਹਿਰ ਦੇ ਮੇਅਰ ਦੇ ਤੌਰ ‘ਤੇ ਮਿੱਕੀ ਦੋ ਸਾਲਾਂ ਦੀ ਮਿਆਦ ਦੀ ਸੇਵਾ ਕਰੇਗਾ, ਕਾਮਨ ਕੌਂਸਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗਾ ਅਤੇ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰੇਗਾ। ਉਸ ਨੇ ਸਹੁੰ ਚੁੱਕਣ ਤੋਂ ਬਾਅਦ ਟਵੀਟ ਕੀਤਾ ਕਿ ‘ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਹੁੰ ਚੁੱਕ ਕੇ ਮਾਣ ਮਹਿਸੂਸ ਕਰ ਰਿਹਾ ਹਾਂ।’ ਹਰ ਕੋਈ ਲੋਦੀ ‘ਚ ਆਇਆ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਇਕ ਸੁਰੱਖਿਅਤ ਪਰਿਵਾਰਕ ਸ਼ਹਿਰ ਹੈ। ਇਸ ‘ਚ ਮਹਾਨ ਸਿੱਖਿਆ, ਮਹਾਨ ਲੋਕ, ਮਹਾਨ ਸੱਭਿਆਚਾਰ, ਮਹਾਨ ਕਦਰਾਂ-ਕੀਮਤਾਂ ਅਤੇ ਇਸ ਕਸਬੇ ‘ਚ ਸਿਰਫ਼ ਮਿਹਨਤੀ ਲੋਕ ਹਨ। ਮੈਨੂੰ ਇਸ ਭਾਈਚਾਰੇ ਦੀ ਨੁਮਾਇੰਦਗੀ ਕਰਨ ‘ਤੇ ਮਾਣ ਹੈ। 2008 ‘ਚ ਟੋਕੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਏ ਮਿੱਕੀ ਹੋਠੀ ਨੇ ਕਿਹਾ ਕਿ ਸ਼ਹਿਰ ‘ਚ ਵੱਡਾ ਹੋਣਾ ਇਕ ਚੁਣੌਤੀ ਸੀ, ਖਾਸ ਤੌਰ ‘ਤੇ 9/11 ਤੋਂ ਬਾਅਦ ਜਦੋਂ ਬਹੁਤ ਸਾਰੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਦੀ ਟਾਈਮਜ਼ ਦੀ ਰਿਪੋਰਟ ਅਨੁਸਾਰ ਆਰਮਸਟ੍ਰਾਂਗ ਰੋਡ ‘ਤੇ ਸਿੱਖ ਗੁਰਦੁਆਰੇ ਦੀ ਸਥਾਪਨਾ ‘ਚ ਉਸਦੇ ਪਰਿਵਾਰ ਦੀ ਵੀ ਅਹਿਮ ਭੂਮਿਕਾ ਸੀ। ਉਹ ਪਹਿਲੀ ਵਾਰ ਜ਼ਿਲ੍ਹਾ 5 ਤੋਂ ਨਵੰਬਰ 2020 ‘ਚ ਲੋਦੀ ਸਿਟੀ ਕੌਂਸਲ ਲਈ ਚੁਣਿਆ ਗਿਆ ਸੀ ਅਤੇ ਲੋਦੀ ਫਾਇਰ ਫਾਊਂਡੇਸ਼ਨ ‘ਚ ਇਕ ਬੋਰਡ ਮੈਂਬਰ ਅਤੇ ਅਸੈਂਬਲੀ ਮੈਂਬਰ ਜਿਮ ਕੂਪਰ ਦੇ ਜ਼ਿਲ੍ਹਾ ਡਾਇਰੈਕਟਰ ਵਜੋਂ ਵੀ ਕੰਮ ਕਰਦਾ ਹੈ। ਲੋਦੀ ਕੈਲੀਫੋਰਨੀਆ ਦੀ ਸੈਨ ਜੋਕਿਨ ਕਾਉਂਟੀ ‘ਚ ਸਥਿਤ ਇਕ ਸ਼ਹਿਰ ਹੈ ਜਿਸਦੀ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਲਗਭਗ 67,021 ਦੀ ਅਨੁਮਾਨਿਤ ਆਬਾਦੀ ਹੈ।