ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਆਪਣੇ ਪੁੱਤ ਅਤੇ ਧੀ ਸਮੇਤ ਅਮਰੀਕਾ ‘ਚ ਰਹਿੰਦੀ ਹੈ ਅਤੇ ਉਨ੍ਹਾਂ ਦੀ ਧੀ ਸੀਰਤ ਕੌਰ ਨੂੰ ਖਾਲਿਸਤਾਨ ਸਮਰਥਕਾਂ ਨੇ ਧਮਕੀ ਭਰੇ ਫੋਨ ਕੀਤੇ ਹਨ। ਇਹ ਗੱਲ ਪਟਿਆਲਾ ਦੀ ਰਹਿਣ ਵਾਲੀ ਇਕ ਐਡਵੋਕੇਟ ਨੇ ਆਪਣੀ ਫੇਸਬੁੱਕ ਪੋਸਟ ‘ਤੇ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਆਪਣੇ ਦੋ ਬੱਚਿਆਂ ਨਾਲ ਕਈ ਸਾਲਾਂ ਤੋਂ ਅਮਰੀਕਾ ‘ਚ ਰਹਿੰਦੀ ਹੈ। ਐਡਵੋਕੇਟ ਹਰਪ੍ਰੀਤ ਕੌਰ ਬਰਾੜ ਨੇ ਫੇਸਬੁਕ ‘ਤੇ ਧਮਕੀ ਭਰੇ ਫੋਨ ਦਾ ਵਿਰੋਧ ਕਰਦਿਆਂ ਲਿਖਿਆ, ‘ਬੱਚਿਆਂ ਨੂੰ ਧਮਕੀਆਂ ਦੇਣ ਜਾਂ ਗਾਲ੍ਹਾਂ ਕੱਢਣ ਨਾਲ ਕੀ ਉਨ੍ਹਾਂ ਨੂੰ ਖਾਲਿਸਤਾਨ ਮਿਲ ਜਾਵੇਗਾ।’ ਪੰਜਾਬੀ ‘ਚ ਕੀਤੀ ਗਈ ਪੋਸਟ ‘ਚ ਲਿਖਿਆ, ‘ਕਦੇ ਤੁਸੀਂ ਇੰਟਰਨੈੱਟ ਮੀਡੀਆ ‘ਤੇ ਕਹਿੰਦੇ ਹੋ ਕਿ ਅਮਰੀਕਾ ‘ਚ ਭਗਵੰਤ ਮਾਨ ਦੇ ਪਰਿਵਾਰ ਦੇ ਘਰ ਦਾ ਘਿਰਾਓ ਕਰਾਂਗੇ। ਕਦੇ ਗੁਰੂਘਰ ‘ਚ ਮਤਾ ਪਾਸ ਕਰਦੇ ਹੋ। ਕੱਲ੍ਹ ਤਾਂ ਹੱਦ ਹੀ ਹੋ ਗਈ, ਜਦੋਂ ਬੱਚੀ ਨੂੰ ਫੋਨ ਕਰ ਕੇ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ ਗਈਆਂ। ਤੁਹਾਡੀਆਂ ਇਨ੍ਹਾਂ ਹਰਕਤਾਂ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਜੇ ਤੁਹਾਡੇ ‘ਚ ਹਿੰਮਤ ਹੈ ਤਾਂ ਉਥੇ (ਭਗਵੰਤ ਮਾਨ ਕੋਲ) ਜਾ ਕੇ ਘੇਰੋ ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਦਾ ਦਮ ਦਿਖਾਓ। ਉਨ੍ਹਾਂ ਕੋਲ ਜਾਓ ਜਿਨ੍ਹਾਂ ਨੇ ਤੁਹਾਡਾ ਕੁਝ ਵਿਗਾੜਿਆ ਹੈ। ਬੱਚਿਆਂ ਨੂੰ ਡਰਾ ਕੇ ਕਿਹੜਾ ਤੁਹਾਨੂੰ ਖਾਲਿਸਤਾਨ ਮਿਲ ਜਾਵੇਗਾ। ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ।’ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਮਰੀਕਾ ‘ਚ ਇੰਦਰਪ੍ਰੀਤ ਕੌਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਧੀ ਅਤੇ ਪਰਿਵਾਰ ਨੂੰ ਇਸ ਤਰ੍ਹਾਂ ਧਮਕਾਉਣ ਦੀ ਵੱਡੀ ਪੱਧਰ ‘ਤੇ ਨਿਖੇਧੀ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਨਿਖੇਧੀ ਵਾਲੀਆਂ ਪੋਸਟਾਂ ਦਾ ਹੜ੍ਹ ਆ ਗਿਆ ਹੈ। ਇਸੇ ਤਰ੍ਹਾਂ ਕਈ ਆਗੂ ਵੀ ਇਸ ਨੂੰ ਮੰਦਭਾਗੀ ਅਤੇ ਨਿੰਦਣਯੋਗ ਵਰਤਾਰਾ ਦੱਸਦੇ ਹੋਏ ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ ਦਾ ਕਾਰਾ ਦੱਸ ਰਹੇ ਹਨ।