ਮਾਘੀ ਮੇਲਾ ਤਖਤੂਪੁਰਾ ਦੇ ਦੂਜੇ ਵੱਡੀ ਗਿਣਤੀ ਸੰਗਤ ਨੇ ਗੁਰੂਘਰ ‘ਚ ਮੱਥਾ ਟੇਕਿਆ ਅਤੇ ਮੇਲੇ ‘ਚ ਰੌਣਕਾਂ ਨਜ਼ਰ ਆਈਆਂ। ਮੇਲੇ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸੀ.ਪੀ.ਆਈ. ਵੱਲੋਂ ਸਿਆਸੀ ਕਾਨਫ਼ਰੰਸਾਂ ਵੀ ਕੀਤੀਆਂ ਗਈਆਂ। ਦੂਜੇ ਪਾਸੇ ਹਾਕਮ ਧਿਰ ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਸਮੇਤ ਕਿਸੇ ਹੋਰ ਸਿਆਸੀ ਪਾਰਟੀ ਨੇ ਸਿਆਸੀ ਕਾਨਫਰੰਸ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮਾਘੀ ਮੇਲਾ ਤਖਤੂਪੁਰਾ ‘ਚ ਸੰਬੋਧਨ ਕਰਦਿਆਂ ਕੌਮ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਇਕ ਤਾਕਤ ਹੋ ਕੇ ਆਪਣੀ ਮੰਜ਼ਿਲ ਵੱਲ ਦ੍ਰਿੜ੍ਹਤਾ ਅਤੇ ਅਮਨ ਅਮਾਨ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ 15 ਅਗਸਤ ਵਾਂਗ 26 ਜਨਵਰੀ ਨੂੰ ਘਰਾਂ ਉੱਤੇ ਕੇਸਰੀ ਰੰਗ ਦੇ ਝੰਡੇ ਲਾਉਣ ਅਤੇ ਮਾਝਾ, ਮਾਲਵਾ ਤੇ ਦੋਆਬਾ ਖੇਤਰਾਂ ‘ਚ ਕੇਸਰੀ ਮਾਰਚ ਕੱਢਣ ਦਾ ਐਲਾਨ ਵੀ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਨੂੰ ਲੱਭਣ ਦੀ ਮੰਗ ਕਰਦਿਆਂ ਕੇਸ ਦੀ ਸਹੀ ਢੰਗ ਨਾਲ ਜਾਂਚ ਨਾ ਹੋਣ ‘ਤੇ ਚਿੰਤਾ ਪ੍ਰਗਟਾਈ। ਸੰਸਦ ਮੈਂਬਰ ਨੇ ਚੋਣਾਂ ਲਈ ਤਕੜੇ ਰਹਿਣ ਦਾ ਸੁਨੇਹਾ ਵੀ ਦਿੱਤਾ। ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਦੋ ਰੋਜ਼ਾ ਸਿਆਸੀ ਕਾਨਫਰੰਸ ਕੀਤੀ ਗਈ। ਇਸ ‘ਚ ਮਨਰੇਗਾ ਦੇ ਕੌਮੀ ਸਲਾਹਕਾਰ ਤੇ ਸੀ.ਪੀ.ਆਈ. ਕੌਂਸਲ ਮੈਂਬਰ ਕਾਮਰੇਡ ਜਗਰੂਪ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੰਜਾਬ ਦੀ ਜਵਾਨੀ ਦੇ ਹਰ ਰੋਜ਼ ਵਿਦੇਸ਼ ਜਾਣ ਬਾਰੇ ਕਿਹਾ ਕਿ ਹਰ ਮਹੀਨੇ ਪੰਜ ਲੱਖ ਨੌਜਵਾਨ 40-40 ਲੱਖ ਪੱਲੇ ਬੰਨ੍ਹ ਕੇ ਜਾ ਰਹੇ ਹਨ। ਪੰਜਾਬ ਦੀ ਜਵਾਨੀ ਤੇ ਸਰਮਾਇਆ ਵਿਦੇਸ਼ ਜਾਣ ਪਿੱਛੇ ਸਰਕਾਰਾਂ ਜ਼ਿੰਮੇਵਾਰ ਹਨ ਜੋ ਕਿ ਹੁਣ ਤੱਕ ਰੁਜ਼ਗਾਰ, ਵਧੀਆ ਪ੍ਰਸ਼ਾਸਨ ਅਤੇ ਸੁਰੱਖਿਆ ਦੇਣ ‘ਚ ਅਸਫਲ ਰਹੇ ਹਨ। ਇਹੀ ਕਾਰਨ ਹੈ ਕਿ ਜਵਾਨੀ ਕੁਰਾਹੇ ਪੈ ਰਹੀ ਹੈ, ਨਸ਼ਿਆਂ ‘ਚ ਗ਼ਲਤਾਨ ਹੋ ਰਹੀ ਹੈ। ਕਾਮਰੇਡ ਜਗਰੂਪ ਨੇ ਕਿਹਾ ਕਿ ਕੈਪਟਨ ਅਤੇ ‘ਆਪ’ ਸਰਕਾਰ ਚਿੱਟੇ ਦੀ ਵਿਕਰੀ ਰੋਕਣ ‘ਚ ਅਸਮਰੱਥ ਸਾਬਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੰਸਦ ‘ਚ ਰੁਜ਼ਗਾਰ ਦੀ ਗਰੰਟੀ ਵਾਲਾ ਬਨੇਗਾ ਕਾਨੂੰਨ ਬਣਾ ਕੇ ਲਾਗੂ ਕਰੇ ਤਾਂ ਹੀ ਪੰਜਾਬ ਅਤੇ ਪੰਜਾਬੀਅਤ ਤੇ ਮਹਾਨ ਵਿਰਸੇ ਨੂੰ ਖੁਰਨ ਤੋਂ ਬਚਾਇਆ ਜਾ ਸਕਦਾ ਹੈ।