ਰੂਸ ਵੱਲੋਂ ਯੂਕਰੇਨ ਦੇ ਇਕ ਹਸਪਤਾਲ ਦੇ ਮੈਟਰਨਿਟੀ ਵਾਰਡ ‘ਤੇ ਕੀਤੇ ਰਾਕੇਟ ਹਮਲੇ ‘ਚ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਮਲਬੇ ਵਿੱਚੋਂ ਮਾਂ ਅਤੇ ਇਕ ਡਾਕਟਰ ਨੂੰ ਕੱਢਿਆ ਗਿਆ ਹੈ। ਖੇਤਰ ਦੇ ਗਵਰਨਰ ਮੁਤਾਬਕ ਰਾਕੇਟ ਰੂਸ ਦੇ ਸਨ। ਇਹ ਹਮਲਾ ਵਿਲਨਿਯਾਂਸਕ ਸ਼ਹਿਰ ਦੇ ਇਕ ਹਸਪਤਾਲ ‘ਚ ਹੋਇਆ। ਖੇਤਰੀ ਗਵਰਨਰ ਅਲੈਗਜ਼ੈਂਡਰ ਸਤਾਰੁਖ ਮੁਤਾਬਕ, ‘ਰੂਸੀ ਰਾਕਸ਼ਸਾਂ ਨੇ ਰਾਤ ਨੂੰ ਵਿਲਨਿਯਾਂਸਕ ‘ਚ ਹਸਪਤਾਲ ਦੇ ਮੈਟਰਨਿਟੀ ਵਾਰਡ ‘ਤੇ ਕਈ ਰਾਕੇਟ ਦਾਗੇ। ਇਸ ਹਮਲੇ ‘ਚ ਇਕ ਬੱਚੇ ਦੀ ਮੌਤ ਹੋ ਗਈ ਜੋ ਅਜੇ ਪੈਦਾ ਹੀ ਹੋਇਆ ਸੀ। ਬਚਾਅ ਕਰਮੀ ਉਥੇ ਕੰਮ ਕਰ ਰਹੇ ਹਨ।’ ਉਨ੍ਹਾਂ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ‘ਚ ਮਲਬੇ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਸ਼ੁਰੂ ‘ਚ ਸਟੇਟ ਐਮਰਜੈਂਸੀ ਸੇਵਾ ਨੇ ਕਿਹਾ ਸੀ ਕਿ ਰੂਸੀ ਹਮਲੇ ‘ਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਮਲਬੇ ਵਿਚੋਂ ਮਾਂ ਅਤੇ ਇਕ ਡਾਕਟਰ ਨੂੰ ਕੱਢਿਆ ਗਿਆ ਹੈ। ਉਸ ਸਮੇਂ ਵਾਰਡ ‘ਚ ਉਹ ਹੀ ਮੌਜੂਦ ਸਨ। ਐੱਸ.ਈ.ਐੱਸ. ਨੇ ਟੈਲੀਗ੍ਰਾਮ ‘ਤੇ ਬਾਅਦ ‘ਚ ਇਕ ਹੋਰ ਪੋਸਟ ‘ਚ ਸਪੱਸ਼ਟ ਕੀਤਾ ਕਿ ਬਚਾਈ ਗਈ ਔਰਤ ਪੀੜਤ ਨਵਜੰਮੇ ਬੱਚੇ ਦੀ ਮਾਂ ਹੈ। ਅਧਿਕਾਰੀਆਂ ਨੇ ਦੱਸਿਆ ਇਸ ਹਮਲੇ ‘ਚ ਦੋ ਮੰਜ਼ਲਾ ਇਮਾਰਤ ਪੂਰੀ ਤਰ੍ਹਾਂ ਨਸ਼ਟ ਹੋ ਗਈ। ਵਿਲਨਿਯਾਂਸਕ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਕਰੀਬ 500 ਕਿਲੋਮੀਟਰ ਦੱਖਣ-ਪੂਰਬ ‘ਚ ਸਥਿਤ ਹੈ।