ਯਾਨ ਲੇਨਾਰਡ ਸਟਰੱਫ ਨੂੰ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ ‘ਚ 6-4, 3-6, 6-3 ਨਾਲ ਹਰਾ ਕੇ ਕਾਰਲੋਸ ਅਲਕਰਾਜ਼ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਆਪਣੇ ਖਿਤਾਬ ਨੂੰ ਬਰਕਰਾਰ ਰੱਖਣ ‘ਚ ਕਾਮਯਾਬ ਰਿਹਾ। ਇਸ ਤਰ੍ਹਾਂ ਉਹ ਮੁੜ ਤੋਂ ਵਿਸ਼ਵ ਦੇ ਨੰਬਰ ਇਕ ਖਿਡਾਰੀ ਬਣਨ ਦੇ ਦਾਅਵੇਦਾਰ ਬਣ ਗਏ ਹਨ। ਸਪੇਨ ਦਾ ਇਹ 20 ਸਾਲਾ ਖਿਡਾਰੀ ਜੇਕਰ ਰੋਮ ‘ਚ ਇਟਾਲੀਅਨ ਓਪਨ ਦਾ ਇਕ ਮੈਚ ਵੀ ਖੇਡਦਾ ਹੈ ਤਾਂ ਉਹ ਫਰੈਂਚ ਓਪਨ ‘ਚ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਰੂਪ ‘ਚ ਹਿੱਸਾ ਲਏਗਾ। ਫਾਈਨਲ ‘ਚ ਦੂਜਾ ਸੈੱਟ ਗੁਆਉਣ ਤੋਂ ਬਾਅਦ ਅਲਕਰਾਜ਼ ਨੇ ਤੀਜੇ ਸੈੱਟ ‘ਚ ਪਹਿਲੇ ਮੈਚ ਪੁਆਇੰਟ ‘ਚ ਹੀ ਜਿੱਤ ਦਰਜ ਕੀਤੀ। ਇਹ ਉਨ੍ਹਾਂ ਦੀ ਇਸ ਸੈਸ਼ਨ ‘ਚ 29ਵੀਂ ਜਿੱਤ ਹੈ। ਉਹ ਰਾਫਾਲ ਨਾਡਾਲ ਤੋਂ ਬਾਅਦ ਮੈਡਰਿਡ ਓਪਨ ‘ਚ ਲਗਾਤਾਰ ਚੈਂਪੀਅਨ ਬਣਨ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਇਸੇ ਦੌਰਾਨ ਵਿਕਟੋਰੀਆ ਅਜਾਰੇਂਕਾ ਤੇ ਬੀਟ੍ਰਿਜ ਮਾਇਆ ਨੇ ਕੋਕੋ ਗਾਫ ਤੇ ਜੈਸਿਕਾ ਪੇਗੁਲਾ ਦੀ ਸਿਖ਼ਰਲੀ ਦਰਜਾ ਪ੍ਰਾਪਤ ਅਮਰੀਕਨ ਜੋੜੀ ਨੂੰ 6-1, 6-4 ਨਾਲ ਹਰਾ ਕੇ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਿਆ।