ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਮੰਤਰੀ ਨਾਲ ਨਾਰਾਜ਼ਗੀ ਤੇ ਮੰਤਰੀ ਦਾ ਮਹਿਕਮਾ ਬਦਲਣ ਦੀ ਚਰਚਾ ਛੇਡ਼ਨ ਅਤੇ ਵੀ.ਸੀ. ਡਾ. ਰਾਜ ਬਹਾਦਰ ਨੂੰ ਬਦਲਣ ਦੀ ਮੰਗ ਵਾਲੀ ਬਹਿਸ ਸ਼ੁਰੂ ਹੋਣ ਦਾ ਕਾਰਨ ਬਣੇ ਬੈੱਡਾਂ ਦੇ ਖਸਤਾਹਾਲ ਗੱਦੇ ਬਦਲਣ ਵੱਲ ਨਾ ਸਰਕਾਰ ਨੇ ਧਿਆਨ ਦਿੱਤਾ ਨਾ ਸਿਹਤ ਵਿਭਾਗ ਅਤੇ ਨਾ ਹੀ ਕਿਸੇ ਹੋਰ ਨੇ। ਇਹੋ ਕਾਰਨ ਹੈ ਕਿ ਇਹ ਬੈੱਡ ਅਤੇ ਗੱਦੇ ਹਾਲੇ ਵੀ ਉਸੇ ਤਰ੍ਹਾਂ ਪਏ ਹਨ। ਦੂਜੇ ਪਾਸੇ ਵੀ.ਸੀ. ਨੇ ਸਰਕਾਰ ਤੇ ਮੁੱਖ ਮੰਤਰੀ ਦੀ ਇੱਛਾ ਮੁਤਾਬਕ ਦਿੱਤਾ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਯਾਦ ਰਹੇ ਕਿ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਦੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ 29 ਜੁਲਾਈ ਦੀ ਫੇਰੀ ਤੋਂ ਬਾਅਦ ਭਾਵੇਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਪਰ ਜਿਨ੍ਹਾਂ ਗੱਦਿਆਂ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ, ਉਹ ਅਜੇ ਵੀ ਵਾਰਡਾਂ ’ਚ ਉਵੇਂ ਹੀ ਪਏ ਹਨ। ਜਾਣਕਾਰੀ ਅਨੁਸਾਰ ਹਸਪਤਾਲ ਦੇ ਦਸ ਵਾਰਡਾਂ ’ਚ 25 ਫ਼ੀਸਦੀ ਤੋਂ ਵੱਧ ਗੱਦੇ ਨਾ ਵਰਤਣਯੋਗ ਤੇ ਖਸਤਾਹਾਲ ਹਨ। ਇਸ ਵੇਲੇ ਹਸਪਤਾਲ ’ਚ ਕਰੀਬ 1200 ਬੈੱਡ ਹਨ। ਇਸੇ ਦਰਮਿਆਨ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਨੇ ਬਾਬਾ ਫਰੀਦ ਯੂਨੀਵਰਸਿਟੀ ਅਤੇ ਹਸਪਤਾਲ ਦੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਭਰੋਸਾ ਦਿੱਤਾ ਕਿ ਹਸਪਤਾਲ ’ਚ ਮਿਆਰੀ ਸਿਹਤ ਸਹੂਲਤਾਂ ਹਰ ਹਾਲ ’ਚ ਮੁਹੱਈਆ ਕਰਵਾਈਆਂ ਜਾਣਗੀਆਂ। ਮੁਲਾਜ਼ਮਾਂ ਦੇ ਵਫ਼ਦ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਹਤ ਮੰਤਰੀ ਜਲਦ ਹੀ ਫ਼ਰੀਦਕੋਟ ਹਸਪਤਾਲ ਦਾ ਫਿਰ ਦੌਰਾ ਕਰਨ ਆ ਰਹੇ ਹਨ। ਇਸੇ ਦਰਮਿਆਨ ਸਿਹਤ ਮੰਤਰੀ ਨੇ ਆਪਣੇ ਪੱਲਿਓਂ 200 ਗੱਦੇ ਨਵੇਂ ਖਰੀਦ ਕੇ ਹਸਪਤਾਲ ’ਚ ਭੇਜੇ ਹਨ ਤਾਂ ਜੋ ਇਲਾਜ ਲਈ ਆਏ ਮਰੀਜ਼ਾਂ ਨੂੰ ਸਾਫ਼-ਸੁਥਰੇ ਗੱਦੇ ਮੁਹੱਈਆ ਕਰਵਾਏ ਜਾ ਸਕਣ। ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਹਸਪਤਾਲ ਦੇ ਹਰ ਵਾਰਡ ’ਚ ਸਾਫ਼ ਸੁਥਰੇ ਬੈੱਡ ਅਤੇ ਗੱਦੇ ਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਰਡ ’ਚ ਹੁਣ ਬੈੱਡ ਦਾ ਗੱਦਾ ਖਸਤਾਹਾਲ ਨਹੀਂ ਦਿੱਸੇਗਾ।