ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਯਸਤਿਕਾ ਭਾਟੀਆ ਤੇ ਕਪਤਾਨ ਹਰਮਨਪ੍ਰੀਤ ਦੇ ਅਰਧ ਸੈਂਕੜਿਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੇ ਮਹਿਲਾ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ‘ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ‘ਚ 1-0 ਦੀ ਬੜ੍ਹਤ ਬਣਾ ਲਈ। ਇਸ ਜਿੱਤ ‘ਚ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਵੀ ਅਹਿਮ ਰੋਲ ਰਿਹਾ। ਇੰਗਲੈਂਡ ਦੀਆਂ 227 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ ਸ੍ਰਮਿਤੀ ਮੰਧਾਨਾ (99 ਗੇਂਦਾਂ ‘ਚ 91 ਦੌੜਾਂ, 10 ਚੌਕੇ ਤੇ 1 ਛੱਕਾ), ਹਰਮਨਪ੍ਰੀਤ (94 ਗੇਂਦਾਂ ‘ਚ ਅਜੇਤੂ 74 ਦੌੜਾਂ, 7 ਚੌਕੇ, 1 ਛੱਕਾ) ਦੇ ਅਰਧ ਸੈਂਕੜੇ ਨਾਲ 34 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ‘ਤੇ 232 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਸਮ੍ਰਿਤੀ ਨੇ ਯਸਤਿਕਾ ਦੇ ਨਾਲ ਦੂਜੀ ਵਿਕਟ ਲਈ 96 ਦੌੜਾਂ ਤੇ ਕਪਤਾਨ ਹਰਮਨਪ੍ਰੀਤ ਦੇ ਨਾਲ ਤੀਜੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਇੰਡੀਆ ਨੂੰ ਟੀਚਾ ਹਾਸਲ ਕਰਨ ‘ਚ ਵਧੇਰੇ ਪ੍ਰੇਸ਼ਾਨੀ ਨਹੀਂ ਹੋਈ। ਇਸ ਤੋਂ ਪਹਿਲਾਂ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਆਪਣੀ ਆਖਰੀ ਕੌਮਾਂਤਰੀ ਲੜੀ ਦੇ ਪਹਿਲੇ ਮੈਚ ‘ਚ ਪ੍ਰਭਾਵਿਤ ਕੀਤਾ ਪਰ ਇੰਗਲੈਂਡ ਦੀ ਮਹਿਲਾ ਟੀਮ ਚੋਟੀ ਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ 7 ਵਿਕਟਾਂ ‘ਤੇ 226 ਦੌੜਾਂ ਬਣਾਉਣ ‘ਚ ਸਫਲ ਰਹੀ। ਇੰਗਲੈਂਡ ਲਈ ਐਲਿਸ ਡੇਵਿਡਸਨ-ਰਿਚਰਡਸ (61 ਗੇਂਦਾਂ ‘ਤੇ ਅਜੇਤੂ 50), ਡੈਨੀ ਵਾਟ (50 ਗੇਂਦਾਂ ‘ਚ 43 ਦੌੜਾਂ) ਤੇ ਸੋਫੀ ਐਕਲੇਸਟੋਨ (31) ਨੇ ਸ਼ਲਾਘਾਯੋਗ ਯੋਗਦਾਨ ਦਿੱਤਾ।