ਇਕ ਬੱਸ ਅਤੇ ਟਰੱਕ ਵਿਚਕਾਰ ਬੀਤੀ ਰਾਤ 12 ਵਜੇ ਦੇ ਕਰੀਬ ਹੋਏ ਭਿਆਨਕ ਹਾਦਸੇ ‘ਚ ਬੱਸ ‘ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ ਜਦਕਿ 40 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਸੋਹਾਗੀ ‘ਚ ਵਾਪਰਿਆ। ਰੀਵਾ ਦੇ ਜ਼ਿਲ੍ਹਾ ਅਧਿਕਾਰੀ ਮਨੋਜ ਪੁਸ਼ਪ ਨੇ ਦੱਸਿਆ ਕਿ ਘਟਨਾ ਨੈਸ਼ਨਲ ਹਾਈਵੇਅ-30 ‘ਤੇ ਸੋਹਾਗੀ ਘਾਟ ਨੇੜੇ ਵਾਪਰੀ। ਜ਼ਖ਼ਮੀਆਂ ਨੂੰ ਰੀਵਾ ਦੇ ਸੰਜੇ ਗਾਂਧੀ ਸਮਰਿਤੀ ਮੈਡੀਕਲ ਹਸਪਤਾਲ ਲਿਆਂਦਾ ਗਿਆ ਹੈ। ਪੁਲੀਸ ਸੂਤਰਾਂ ਮੁਤਾਬਕ ਰੀਵਾ ਤੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵੱਲ ਜਾ ਰਹੀ ਬੱਸ ਦੇਰ ਰਾਤ ਸੋਹਾਗੀ ਨੇੜੇ ਇਕ ਟਰੱਕ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਜਬਲਪੁਰ ਤੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜਾ ਰਹੀ ਸੀ, ਜਿਸ ‘ਚ ਹੈਦਰਾਬਾਦ ਤੋਂ ਮਜ਼ਦੂਰੀ ਕਰਕੇ ਦੀਵਾਲੀ ਦੇ ਤਿਉਹਾਰ ਕਾਰਨ ਆਪਣੇ ਘਰਾਂ ਨੂੰ ਪਰਤ ਰਹੇ ਲੋਕ ਸਵਾਰ ਸਨ। ਮ੍ਰਿਤਕਾਂ ‘ਚ ਸਾਰੇ ਪੁਰਸ਼ ਸ਼ਾਮਲ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਰਾਹਗੀਰਾਂ ਦੀ ਸੂਚਨਾ ਮਗਰੋਂ ਸੋਹਾਗੀ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਬੱਸ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਮਨੋਜ ਪੁਸ਼ਪ ਨੇ ਦੱਸਿਆ ਕਿ ਗੰਭੀਰ ਜ਼ਖ਼ਮੀਆਂ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਚਸ਼ਮਦੀਦਾਂ ਮੁਤਾਬਕ ਜਦੋਂ ਹਾਦਸਾ ਵਾਪਰਿਆ ਤਾਂ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ। ਸਟੇਸ਼ਨ ਇੰਚਾਰਜ ਓਮਕਾਰ ਤਿਵਾਰੀ ਨੇ ਦੱਸਿਆ ਕਿ 12 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ, ਜਦੋਂ ਕਿ ਦੋ ਕਮਿਊਨਿਟੀ ਹੈਲਥ ਸੈਂਟਰ ਟੂਨਥਰ ਅਤੇ ਇਕ ਵਿਅਕਤੀ ਦੀ ਸੰਜੇ ਗਾਂਧੀ ਹਸਪਤਾਲ ‘ਚ ਮੌਤ ਹੋ ਗਈ। 40 ਜ਼ਖਮੀਆਂ ‘ਚੋਂ 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।