ਸਿਆਸੀ ਪਾਰਟੀ ਨੂੰ ਜਦੋਂ ਕੋਈ ਵੱਡਾ ਆਗੂ ਛੱਡ ਕੇ ਜਾਂਦਾ ਹੈ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਇਹ ਪਾਰਟੀ ਨੂੰ ਵੱਡਾ ਘਾਟਾ ਜਾਂ ਧੱਕਾ ਲੱਗਿਆ ਪਰ ਮਨਪ੍ਰੀਤ ਸਿੰਘ ਬਾਦਲ ਦੇ ਜਾਣ ‘ਤੇ ਕਾਂਗਰਸ ‘ਚ ਸੋਗ ਦੀ ਥਾਂ ‘ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਕ ਤੋ ਥਾਈਂ ਤਾਂ ਇਸ ‘ਖੁਸ਼ੀ’ ਵਿੱਚ ਲੱਡੂ ਵੀ ਵੰਡੇ ਗਏ ਅਤੇ ਪਟਾਕੇ ਵੀ ਚੱਲੇ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ‘ਚ ਸ਼ਾਮਲ ਹੋਣ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮਨਪ੍ਰੀਤ ਬਾਦਲ ਨੇ ਭਾਜਪਾ ਆਗੂਆਂ ਨਾਲ ਰਸਮੀ ਮੁਲਾਕਾਤਾਂ ਕੀਤੀਆਂ ਅਤੇ ਇੱਧਰ ਪੰਜਾਬ ‘ਚ ਉਨ੍ਹਾਂ ਦੀ ਭਾਜਪਾ ‘ਚ ਸ਼ਮੂਲੀਅਤ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਨਿਸ਼ਾਨੇ ‘ਤੇ ਲਿਆ। ਸੋਸ਼ਲ ਮੀਡੀਆ ‘ਤੇ ਮਨਪ੍ਰੀਤ ਬਾਦਲ ‘ਤੇ ਤਿੱਖੇ ਤੰਜ਼ ਕੱਸੇ ਜਾ ਰਹੇ ਹਨ ਅਤੇ ਅੰਦਰੋਂ ਅੰਦਰੀਂ ਟਕਸਾਲੀ ਭਾਜਪਾਈ ਇੱਕ-ਦੂਸਰੇ ਨੂੰ ਫੋਨ ਖੜਕਾ ਕੇ ਆਪਣਾ ਮਨ ਹੌਲਾ ਕਰ ਰਹੇ ਹਨ। ਮਨਪ੍ਰੀਤ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਮਗਰੋਂ ਟਵੀਟ ਕੀਤਾ ਕਿ ਪੰਜਾਬ ਅਤੇ ਦੇਸ਼ ਦੇ ਭਵਿੱਖ ਬਾਰੇ ਜ਼ੋਰਦਾਰ ਚਰਚਾ ਕੀਤੀ ਅਤੇ ਸੁਨਹਿਰੀ ਭਵਿੱਖ ਲਈ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੰਮ ਕਰਾਂਗੇ। ਮਨਪ੍ਰੀਤ ਬਾਦਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਵੀ ਮੁਲਾਕਾਤ ਕੀਤੀ ਅਤੇ ਬਾਦਲ ਨੇ ਨੱਢਾ ਨੂੰ ਪਾਰਟੀ ਦੀ ਜ਼ਿੰਮੇਵਾਰੀ ਅਗਲੇ ਵਰ੍ਹੇ ਤੱਕ ਨਿਭਾਉਣ ਲਈ ਮੁਬਾਰਕਬਾਦ ਵੀ ਦਿੱਤੀ। ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਹਾਲੇ ਤੱਕ ਮਨਪ੍ਰੀਤ ਬਾਦਲ ਦੀ ਭਾਜਪਾ ‘ਚ ਐਂਟਰੀ ਦਾ ਕਿਧਰੋਂ ਕੋਈ ਸਵਾਗਤ ਨਹੀਂ ਆਇਆ ਹੈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਤਾਂ ਮਨਪ੍ਰੀਤ ਬਾਦਲ ਦੀ ਸ਼ਮੂਲੀਅਤ ਨੂੰ ਝਟਕੇ ਦੀ ਥਾਂ ‘ਰਾਹਤ’ ਵਜੋਂ ਲੈ ਰਹੀ ਹੈ। ਗਿੱਦੜਬਾਹਾ ਵਿਚ ਇਕ ਥਾਂ ‘ਤੇ ਕਾਂਗਰਸੀ ਵਰਕਰਾਂ ਨੇ ਲੰਘੇ ਕੱਲ੍ਹ ਪਟਾਕੇ ਵੀ ਚਲਾਏ ਹਨ। ਮਾਝੇ ਦੇ ਕਾਂਗਰਸੀ ਆਗੂ ਅੰਦਰੋਂ ਕਾਫੀ ਖੁਸ਼ ਜਾਪ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਠਾਨਕੋਟ ‘ਚ ਕਿਹਾ ਕਿ ਕਾਂਗਰਸ ‘ਚ ਪੈਰਾਸ਼ੂਟ ਆਗੂ ਨਹੀਂ ਚੱਲਣਗੇ। ਉਨ੍ਹਾਂ ਨਸੀਹਤ ਦਿੱਤੀ ਕਿ ਕਾਂਗਰਸ ‘ਚੋਂ ਮਾੜੇ ਬੰਦੇ ਬਾਹਰ ਕੱਢੋ ਅਤੇ ਸਾਥ ਸੁਥਰੇ ਲੋਕਾਂ ਨੂੰ ਪਾਰਟੀ ‘ਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀ ਛੱਡੀ ਹੈ, ਉਹ ਸਾਡੇ ਨਹੀਂ ਸਨ। ਉਨ੍ਹਾਂ ਮਨਪ੍ਰੀਤ ਬਾਦਲ ਬਾਰੇ ਕਿਹਾ ਕਿ ਮਨਪ੍ਰੀਤ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕੀਤਾ ਅਤੇ ਫਿਰ ਕਾਂਗਰਸ ਨੂੰ। ਹੁਣ ਭਾਜਪਾ ਦਾ ਪੱਲਾ ਫੜ ਲਿਆ ਹੈ। ਕੁਝ ਅਜਿਹਾ ਹੀ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਸਮਾਗਮ ‘ਚ ਮਨਪ੍ਰੀਤ ਬਾਦਲ ‘ਤੇ ਤੰਜ਼ ਕਰਦਿਆਂ ਦਿੱਤਾ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਹਮੇਸ਼ਾ ਇਹੋ ਦਾਅਵਾ ਕੀਤਾ ਸੀ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ। ਇਹ ਆਗੂ ਹੁਣ ਭਗਵਾਂ ਪਾਰਟੀ ‘ਚ ਸ਼ਾਮਲ ਹੋ ਗਿਆ ਅਤੇ ਕਾਂਗਰਸ ਵਾਂਗੂ ਉਹ ਭਾਜਪਾ ਦਾ ਖ਼ਜ਼ਾਨਾ ਵੀ ਖਾਲੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਬਕਾ ਖ਼ਜ਼ਾਨਾ ਮੰਤਰੀ ਦਾ ਪੈੜਾ ਹੀ ਮਾੜਾ ਹੈ।