ਇਕ ਪੰਜਾਬੀ ਜੋੜੇ ਦੀ ਫਿਲਪਾਈਨਜ਼ ਦੀ ਰਾਜਧਾਨੀ ਮਨੀਲਾ ‘ਚ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਜਲੰਧਰ ਜ਼ਿਲ੍ਹੇ ਦੇ ਹਲਕਾ ਫਿਲੌਰ ਦੇ ਦੋ ਪਿੰਡਾਂ ਮਹਿਸਮਪੁਰ ਅਤੇ ਚਚਰਾੜੀ ਨਾਲ ਸਬੰਧਤ ਪਤੀ-ਪਤਨੀ ਮਨੀਲਾ ‘ਚ ਰਹਿੰਦੇ ਸਨ। ਜਾਣਕਾਰੀ ਮੁਤਾਬਕ 41 ਸਾਲਾ ਸੁਖਵਿੰਦਰ ਸਿੰਘ ਬਿੰਦਾ ਪੁੱਤਰ ਸੰਤੋਖ ਸਿੰਘ ਦਾ ਵਿਆਹ ਚਚਰਾੜੀ ਪਿੰਡ ਦੇ ਗੁਰਦਾਵਰ ਸਿੰਘ ਨੰਬਰਦਾਰ ਦੀ ਪੁੱਤਰੀ 33 ਸਾਲਾ ਕਿਰਨਦੀਪ ਕੌਰ ਨਾਲ ਹੋਇਆ ਸੀ। ਪਿਛਲੇ ਦਿਨੀਂ ਉਨ੍ਹਾਂ ਨੂੰ ਮਨੀਲਾ ਵਿਚਲੇ ਘਰ ‘ਚ ਹੀ ਗੋਲੀਆਂ ਮਾਰ ਦਿੱਤੀਆਂਗਈਆਂ। ਇਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਦੇ ਵੱਡੇ ਭਰਾ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਹੀ ਪੰਜਾਬ ਪਰਤਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ‘ਚ ਆਈ ਵੀਡੀਓ ਤੋਂ ਪਤਾ ਲੱਗਾ ਕਿ ਇਕ ਕਾਤਲ ਉਨ੍ਹਾਂ ਦੇ ਮਨੀਲਾ ਵਿਖੇ ਸਥਿਤ ਘਰ ‘ਚ ਸ਼ਨੀਵਾਰ ਰਾਤ ਕਰੀਬ 10 ਵਜੇ ਦਾਖ਼ਲ ਹੋਇਆ ਤੇ ਉਸ ਦੇ ਭਰਾ ਦੇ 3 ਗੋਲੀਆਂ ਮਾਰੀਆਂ। ਇਸ ਤੋਂ ਬਾਅਦ ਉਸ ਦੀ ਪਤਨੀ ਕਿਰਨਦੀਪ ਕੌਰ, ਜੋ ਕਿ ਗੋਲੀ ਦੀ ਆਵਾਜ਼ ਸੁਣ ਕੇ ਬਾਹਰ ਆਈ, ਉਸਦੇ ਵੀ ਦੋ ਗੋਲੀਆਂ ਮਾਰ ਦਿੱਤੀਆਂ। ਮ੍ਰਿਤਕ ਸੁਖਵਿੰਦਰ ਸਿੰਘ ਪਿਛਲੇ ਕਰੀਬ 19 ਸਾਲਾਂ ਤੋਂ ਮਨੀਲਾ ਵਿਖੇ ਫਾਈਨਾਂਸ ਦਾ ਕਾਰੋਬਾਰ ਕਰ ਰਹੇ ਸਨ। ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਅਜੇ ਪੰਜ ਮਹੀਨੇ ਪਹਿਲਾਂ ਹੀ ਮਨੀਲਾ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੌਤ ਦਾ ਪਤਾ ਐਤਵਾਰ ਨੂੰ ਲੱਗਾ ਜਦੋਂ ਉਨ੍ਹਾਂ ਦੇ ਘਰ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਮੁੰਡਾ ਗਿਆ ਤਾਂ ਦੇਖਿਆ ਕਿ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਪਈਆਂ ਹਨ। ਉਸ ਨੇ ਪੁਲੀਸ ਨੂੰ ਸੂਚਨਾ ਦਿੱਤੀ। ਉਧਰ ਕਿਰਨਦੀਪ ਕੌਰ ਦੇ ਪੇਕੇ ਪਿੰਡ ਚਚਰਾੜੀ ਵਿਖੇ ਵੀ ਸੋਗ ਪਸਰਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਗੁਰਦਾਵਰ ਸਿੰਘ ਨੇ ਦੱਸਿਆ ਕਿ ਉਸ ਦੀ ਬੱਚੀ ਦੇ ਵਿਆਹ ਨੂੰ ਤਿੰਨ ਸਾਲ ਹੋਏ ਸਨ। ਉਨ੍ਹਾਂ ਨੂੰ ਕੱਲ੍ਹ ਬਾਅਦ ਦੁਪਹਿਰ ਇਸ ਘਟਨਾ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਵਾਈ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਕਈ ਘੰਟੇ ਉਨ੍ਹਾਂ ਦੇ ਧੀ-ਜਵਾਈ ਦੀਆਂ ਲਾਸ਼ਾਂ ਪਈਆਂ ਰਹਿਣ ਕਾਰਨ ਖਰਾਬ ਹੋ ਗਈਆਂ ਹਨ। ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਮਨੀਲਾ ‘ਚ ਹੀ ਦੋਨਾਂ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ।