ਆਈ.ਪੀ.ਐੱਲ. ਦੇ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਕੇ ਉਸ ਦੇ ਪਲੇਆਫ਼ ਮੁਕਾਬਲਿਆਂ ਤਕ ਪਹੁੰਚਣ ਦੇ ਸਫ਼ਰ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਉਥੇ ਹੀ ਇਸ ਜਿੱਤ ਨਾਲ ਮੁੰਬਈ 12 ਅੰਕਾਂ ਨਾਲ ਪੁਆਇੰਟਸ ਟੇਬਲ ‘ਚ ਤੀਜੇ ਨੰਬਰ ‘ਤੇ ਪਹੁੰਚ ਗਈ ਹੈ। ਇੱਧਰ ਆਰ.ਸੀ.ਬੀ. 10 ਅੰਕਾਂ ਦੇ ਨਾਲ 7ਵੇਂ ਨੰਬਰ ‘ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਸਿਖਰਲੀਆਂ ਚਾਰ ਟੀਮਾਂ ਹੀ ਪਲੇਆਫ਼ ‘ਚ ਪਹੁੰਚਣਗੀਆਂ। ਇਸ ਵਾਰ ਪਲੇਆਫ਼ ਲਈ ਟੱਕਰ ਕਾਂਟੇ ਦੀ ਚੱਲ ਰਹੀ ਹੈ। ਆਈ.ਪੀ.ਐੱਲ. 2023 ਦੇ 54ਵੇਂ ਮੁਕਾਬਲੇ ‘ਚ ਬੈਂਗਲੁਰੂ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ‘ਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੇਹਰਨਡਾਰਫ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਰ.ਸੀ.ਬੀ. ਨੂੰ ਸ਼ੁਰੂਆਤੀ ਝਟਕੇ ਦਿੱਤੇ। ਉਸ ਨੇ 4 ਓਵਰਾਂ ‘ਚ 3 ਵਿਕਟਾਂ ਆਪਣੇ ਨਾਂ ਕੀਤੀਆਂ। ਬੈਂਗਲੁਰੂ ਵੱਲੋਂ ਕਪਤਾਨ ਫਾਫ ਡੂ ਪਲੇਸੀ ਨੇ 41 ਗੇਂਦਾਂ ‘ਚ 3 ਛਿੱਕਿਆਂ ਤੇ 5 ਚੌਕਿਆਂ ਸਦਕਾ 65 ਅਤੇ ਮੈਕਸਵੈੱਲ ਨੇ 33 ਗੇਂਦਾਂ ‘ਚ 4 ਛਿੱਕਿਆਂ ਤੇ 8 ਚੌਕਿਆਂ ਸਦਕਾ 68 ਦੌੜਾਂ ਦੀਆਂ ਧਾਕੜ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ ਵੀ 18 ਗੇਂਦਾਂ ‘ਚ 30 ਦੌੜਾਂ ਬਣਾਈਆਂ। ਇਨ੍ਹਾਂ ਪਾਰੀਆਂ ਦੀ ਬਦੌਲਤ ਬੈਂਗਲੁਰੂ ਨੇ ਨਿਰਧਾਰਿਤ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ ਤੇ ਮੁੰਬਈ ਨੂੰ 200 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ ‘ਚ ਮੁੰਬਈ ਇੰਡੀਅਨਜ਼ ਦੀ ਟੀਮ ਨੇ 16.3 ਓਵਰਾਂ ‘ਚ ਹੀ 6 ਵਿਕਟਾਂ ਹੱਥ ‘ਚ ਰੱਖਦਿਆਂ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਸੂਰਿਆ ਕੁਮਾਰ ਯਾਦਵ ਨੇ 35 ਗੇਂਦਾਂ ‘ਚ 6 ਛਿੱਕਿਆਂ ਤੇ 7 ਚੌਕਿਆਂ ਸਦਕਾ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਨੇਹਾਲ ਵਢੇਰਾ ਨੇ 52 ਦੀ ਅਜੇਤੂ ਪਾਰੀ ਖੇਡੀ ਤਾਂ ਇਸ਼ਾਨ ਕਿਸ਼ਨ ਨੇ ਵੀ 42 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ 16.3 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ਨਾਲ 200 ਦੌੜਾਂ ਬਣਾ ਲਈਆਂ ਤੇ ਇਹ ਮੁਕਾਬਲਾ 6 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।