ਪੰਜਾਬ ‘ਚ ਨਿਵੇਸ਼ ਕਰਨ ਲਈ ਕਾਰੋਬਾਰੀਆਂ ਨੂੰ ਸੱਦਾ ਦੇਣ ਵਾਸਤੇ ਦੋ ਰੋਜ਼ਾ ਦੌਰੇ ‘ਤੇ ਮੁੰਬਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਫਿਲਮ ਸਿਟੀ ਬਣਾਈ ਜਾਵੇਗੀ ਜਿੱਥੇ ਫਿਲਮ ਨਿਰਮਾਤਾ ਸ਼ੂਟਿੰਗ ਕਰ ਸਕਣਗੇ। ਉਨ੍ਹਾਂ ਨੂੰ ਹੋਰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈ ਜਾਣਗੀਆਂ। ਇਸ ਸਬੰਧੀ ਸਰਕਾਰ ਵੱਲੋਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਹੀਂ ਸਗੋਂ ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਹਨ। ਮੁੰਬਈ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ‘ਭਾਰਤ ਜੋੜੋ’ ਯਾਤਰਾ ਕੱਢ ਰਹੇ ਹਨ ਪਰ ਉਨ੍ਹਾਂ ਦੇ ਆਗੂ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਉਹ ਭਾਰਤ ਨੂੰ ਜੋੜਨ ਤੋਂ ਪਹਿਲਾਂ ਕਾਂਗਰਸ ਨੂੰ ਜੋੜ ਲੈਣ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਦਿੱਲੀ ‘ਚ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਉਧਰ ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਦੇ ਐਲਾਨ ‘ਚ ਵੀ ਇਕ ਮਹੀਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਖੁਦ ਦਿੱਲੀ ਤੋਂ ਚੱਲ ਰਹੀ ਹੈ ਅਤੇ ਦੋਸ਼ ਦੂਜਿਆਂ ‘ਤੇ ਲਗਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੂਰੀ ਦੁਨੀਆਂ ਪੰਜਾਬੀ ਸੰਗੀਤ ਦੀ ਪ੍ਰਸ਼ੰਸਕ ਹੈ। ਬੌਲੀਵੁੱਡ ਫਿਲਮਾਂ ਪੰਜਾਬੀ ਗਾਇਕਾਂ ਬਿਨਾਂ ਪੂਰੀਆਂ ਨਹੀਂ ਹੁੰਦੀਆਂ। ਅੱਜ 80 ਫ਼ੀਸਦ ਬੌਲੀਵੁੱਡ ਫਿਲਮਾਂ ਪੰਜਾਬ ਨਾਲ ਸਬੰਧਤ ਬਣ ਰਹੀਆਂ ਹਨ। ਇਨ੍ਹਾਂ ਦੀ ਸ਼ੂਟਿੰਗ ਵੀ ਪੰਜਾਬ ‘ਚ ਹੀ ਹੁੰਦੀ ਹੈ। ਇਸ ਲਈ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦੀ ਵੱਧ ਰਹੀ ਮੰਗ ਨੂੰ ਵੇਖਦਿਆਂ ਪੰਜਾਬ ‘ਚ ਫਿਲਮ ਸਿਟੀ ਬਣਾਈ ਜਾਵੇਗੀ। ਪੰਜਾਬ ‘ਚ ਫਿਲਮ ਸਿਟੀ ਬਣਨ ਨਾਲ ਜਿੱਥੇ ਸੂਬਾ ਸਰਕਾਰ ਨੂੰ ਵਿੱਤੀ ਲਾਭ ਮਿਲੇਗਾ, ਉਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਫਿਲਮ ਸਨਅਤ ਨਾਲ ਜੁੜੇ ਉਨ੍ਹਾਂ ਦੇ ਵੱਡੀ ਗਿਣਤੀ ਦੋਸਤ ਮੁੰਬਈ ‘ਚ ਰਹਿੰਦੇ ਹਨ, ਇਸ ਲਈ ਉਹ ਉਨ੍ਹਾਂ ਨੂੰ ਪੰਜਾਬ ‘ਚ ਕੰਮ ਕਰਨ ਲਈ ਅਪੀਲ ਕਰਨਗੇ।