ਫਰਾਂਸ ਨੇ ਮੋਰੱਕੋ ਨੂੰ ਦੂਜੇ ਸੈਮੀਫਾਈਨਲ ‘ਚ 2-0 ਨਾਲ ਹਰਾ ਕੇ ਲਗਾਤਾਰ ਦੂਜੀ ਅਤੇ ਕੁੱਲ ਚੌਥੀ ਵਾਰ ਫੀਫਾ ਵਰਲਡ ਕੱਪ ਦੇ ਫਾਈਨਲ ‘ਚ ਦਾਖਲਾ ਪਾ ਲਿਆ ਹੈ। 1998 ਤੋਂ ਬਾਅਦ ਪਹਿਲੀ ਵਾਰ ਕੋਈ ਮੌਜੂਦਾ ਚੈਂਪੀਅਨ ਟੀਮ ਲਗਾਤਾਰ ਦੂਜੀ ਵਾਰ ਫਾਈਨਲ ‘ਚ ਪੁੱਜੀ ਹੈ। ਫਾਈਨਲ ‘ਚ ਫਰਾਂਸ ਦਾ ਮੁਕਾਬਲਾ ਅਰਜਨਟਾਈਨਾ ਨਾਲ ਹੋਵੇਗਾ ਅਤੇ ਇਨ੍ਹਾਂ ਦੋਹਾਂ ‘ਚ ਕੋਈ ਟੀਮ ਤੀਜੀ ਵਾਰ ਚੈਂਪੀਅਨ ਬਣੇਗੀ। ਫਾਈਨਲ ‘ਚ ਇਹ ਦੋਵੇਂ ਦੋ-ਦੋ ਵਾਰ ਦੀਆਂ ਚੈਂਪੀਅਨ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਅਤੇ ਇਨ੍ਹਾਂ ‘ਚੋਂ ਇਕ ਦਾ ਤੀਜੀ ਵਾਰ ਚੈਂਪੀਅਨ ਬਣਨਾ ਤੈਅ ਹੈ। ਥਿਓ ਹਰਨਾਂਡੇਜ ਦੇ 5ਵੇਂ ਮਿੰਟ ਅਤੇ ਰੈਂਡਲ ਕੋਲੋ ਮੁਆਨੀ ਦੇ 79ਵੇਂ ਮਿੰਟ ‘ਚ ਕੀਤੇ ਗਏ ਗੋਲ ਦੀ ਬਦੌਲਤ 2018 ਦੀ ਚੈਂਪੀਅਨ ਫਰਾਂਸ ਨੇ ਅਲ ਬਾਯਤ ਸਟੇਡੀਅਮ ‘ਚ ਮੋਰੱਕੋ ਨੂੰ 2-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ। ਉਸਦਾ ਸਾਹਮਣਾ ਹੁਣ ਸਟਾਰ ਖਿਡਾਰੀ ਲਿਓਨਿਲ ਮੇਸੀ ਦੀ ਅਰਜਨਟਾਈਨਾ ਨਾਲ 18 ਦਸੰਬਰ ਨੂੰ ਹੋਵੇਗਾ ਜਿਸ ਨੇ ਪਹਿਲੇ ਸੈਮੀਫਾਈਨਲ ‘ਚ ਕ੍ਰੋਏਸ਼ੀਆ ਨੂੰ 3-0 ਨਾਲ ਹਰਾਇਆ ਸੀ। ਤੀਜੇ ਸਥਾਨ ਲਈ ਮੋਰੱਕੋ ਦੀ ਟੱਕਰ ਕ੍ਰੋਏਸ਼ੀਆ ਨਾਲ 17 ਦਸੰਬਰ ਨੂੰ ਹੋਵੇਗੀ। 1998 ‘ਚ ਵੀ ਖਿਤਾਬ ਜਿੱਤ ਚੁੱਕੀ ਜਦਕਿ 2006 ‘ਚ ਉਪ ਜੇਤੂ ਰਹੀ ਫਰਾਂਸ ਨੇ ਪਹਿਲੇ ਹਾਫ ਵਿਚ 1-0 ਨਾਲ ਬੜ੍ਹਤ ਬਣਾ ਲਈ ਸੀ ਜਦਕਿ 79ਵੇਂ ਮਿੰਟ ‘ਚ ਉਸ ਨੇ ਇਸ ਨੂੰ ਦੁੱਗਣਾ ਕਰ ਦਿੱਤਾ ਜਿਹੜੀ ਅੰਤ ਤਕ ਬਰਕਰਾਰ ਰਹੀ। ਸੈਮੀਫਾਈਨਲ ਮੁਕਾਬਲੇ ਨੂੰ ਦੇਖਣ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਪਹੁੰਚੇ ਸਨ। ਇਹ ਵਰਲਡ ਕੱਪ ਮੋਰੱਕੋ ਲਈ ਬੇਹੱਦ ਖਾਸ ਰਿਹਾ। ਉਸ ਨੇ ਪਹਿਲਾਂ ਬੈਲਜੀਅਮ ਨੂੰ ਹਰਾਇਆ। ਇਸ ਤੋਂ ਬਅਦ ਰਾਊਂਡ ਆਫ-16 ‘ਚ ਸਪੇਨ ਨੂੰ ਹਰਾ ਕੇ ਟੂਰਨਾਮੈਂਟ ‘ਚੋਂ ਬਾਹਰ ਕੀਤਾ ਜਦਕਿ ਕੁਆਰਟਰ ਫਾਈਨਲ ‘ਚ ਉਸ ਨੇ ਕ੍ਰਿਸਟਆਨੋ ਰੋਨਾਲਡੋ ਦੀ ਪੁਰਤਗਾਲ ਦਾ ਸੁਪਨਾ ਤੋੜਿਆ ਸੀ।