ਆਨਲਾਈਨ ਫੂਡ ਡਿਲੀਵਰੀ ਕੰਪਨੀ ਉਬਰ ਈਟਸ ਪਹਿਲੀ ਵਾਰ ਮਾਰਿਜੁਆਨਾ ਭਾਵ ਭੰਗ ਦੀ ਡਿਲੀਵਰੀ ਕਰਨ ਜਾ ਰਹੀ ਹੈ ਅਤੇ ਇਹ ਸਹੂਲਤ ਕੈਨੇਡਾ ‘ਚ ਸ਼ੁਰੂ ਹੋਵੇਗੀ। ਕੈਨੇਡਾ ‘ਚ ਲੋਕ ਹੁਣ ਐਪ ਤੋਂ ਆਨਲਾਈਨ ਮਾਰਿਜੁਆਨਾ ਆਰਡਰ ਕਰ ਸਕਦੇ ਹਨ। ਇਸ ਦੇ ਲਈ ਜਦੋਂ ਡਿਲਿਵਰੀ ਬੁਆਏ ਉਨ੍ਹਾਂ ਦੇ ਦਰਵਾਜ਼ੇ ‘ਤੇ ਪਹੁੰਚਦਾ ਹੈ ਤਾਂ ਗਾਹਕਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ 19 ਸਾਲ ਦੇ ਹਨ। ਆਨਲਾਈਨ ਆਰਡਰ ਕਰਨ ਵੇਲੇ ਮੀਨੂ ‘ਚ ਬਹੁਤ ਸਾਰੇ ਭੰਗ ਉਤਪਾਦ ਸ਼ਾਮਲ ਹੋਣਗੇ ਜਿਵੇਂ ਕਿ ਚਾਕਲੇਟ ਅਤੇ ਕੈਂਡੀਜ਼। ਆਨਲਾਈਨ ਡਿਲੀਵਰੀ ਕੰਪਨੀ ਦਾ ਕਹਿਣਾ ਹੈ ਕਿ ਉਹ ਮਾਰਿਜੁਆਨਾ ਪ੍ਰਾਪਤ ਕਰਨ ਲਈ ‘ਸੁਰੱਖਿਅਤ ਅਤੇ ਸੁਵਿਧਾਜਨਕ’ ਤਰੀਕਾ ਪ੍ਰਦਾਨ ਕਰੇਗੀ ਜੋ ਬਲੈਕ ਮਾਰਕੀਟ ਨੂੰ ਖ਼ਤਮ ਕਰੇਗੀ। ਕਈ ਲੋਕ ਇਸ ਯੋਜਨਾ ਦਾ ਸਮਰਥਨ ਕਰ ਰਹੇ ਹਨ, ਜਦਕਿ ਕੁਝ ਲੋਕ ਭੰਗ ਦੀ ਵਰਤੋਂ ਦੇ ਖ਼ਿਲਾਫ਼ ਹਨ। ਖੋਜੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮਾਰਿਜੁਆਨਾ ਦੀ ਵਾਰ-ਵਾਰ ਵਰਤੋਂ ਨੌਜਵਾਨਾਂ ‘ਚ ਦਿਮਾਗ ਦੇ ਵਿਕਾਸ ਨੂੰ ਵਿਗਾੜ ਸਕਦੀ ਹੈ। ਇਸ ਦੀ ਲਤ ਕਾਰਨ ਡਿਪਰੈਸ਼ਨ ਜਾਂ ਕਰੀਅਰ ਅਤੇ ਰਿਸ਼ਤਿਆਂ ‘ਚ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਕੰਪਨੀ ਨੇ ਕਿਹਾ ਕਿ ਉਹ ਅਮਰੀਕਨ ਬਾਜ਼ਾਰ ‘ਚ ਦਾਖਲ ਹੋਣ ਦਾ ਇਰਾਦਾ ਨਹੀਂ ਰੱਖਦੀ ਜਿੱਥੇ 19 ਰਾਜਾਂ ‘ਚ ਇਸ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਅਧਿਕਾਰਤ ਅੰਦਾਜ਼ੇ ਦੱਸਦੇ ਹਨ ਕਿ ਹਰ ਸਾਲ 48.2 ਮਿਲੀਅਨ ਤੋਂ ਵੱਧ ਅਮਰੀਕਨ ਮਾਰਿਜੁਆਨਾ ਦਾ ਸੇਵਨ ਕਰਦੇ ਹਨ। ਇਹ ਅੰਕੜਾ ਨੌਜਵਾਨ ਬਾਲਗਾਂ ‘ਚ ਵਧਿਆ ਹੈ ਕਿਉਂਕਿ 19 ਰਾਜਾਂ ਨੇ ਹੁਣ ਇਸ ਨੂੰ ਵਰਤਣ ਲਈ ਕਾਨੂੰਨੀ ਤੌਰ ‘ਤੇ ਮਾਨਤਾ ਦਿੱਤੀ ਹੈ।