ਪੰਜਾਬ ‘ਚ ਇਕ ਵਾਰ ਫਿਰ ਬੇਅਦਬੀ ਦੀ ਘਟਨਾ ਵਾਪਰੀ ਹੈ ਅਤੇ ਇਸ ਵਾਰ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਪਾਠ ਕਰਦੇ ਪਾਠੀ ਸਿੰਘਾਂ ‘ਤੇ ਇਕ ਨੌਜਵਾਨ ਨੇ ਹਮਲਾ ਕੀਤਾ। ਇਸ ਨੌਜਵਾਨ ਨੇ ਦੋਵੇਂ ਪਾਠੀ ਸਿੰਘਾਂ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਸਾਰੀ ਘਟਨਾ ਗੁਰਦੁਆਰੇ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ। ਇਸ ‘ਚ ਨੌਜਵਾਨ ਮੁੱਖ ਦਰਵਾਜ਼ੇ ਤੋਂ ਗੁੱਸੇ ‘ਚ ਕੁਝ ਇਸ਼ਾਰੇ ਕਰਦਾ ਅਤੇ ਹਾਜ਼ਰ ਸੰਗਤ ਨੂੰ ਬਾਹਰ ਜਾਣ ਲਈ ਕਹਿੰਦਾ ਹੋਇਆ ਦਾਖ਼ਲ ਹੁੰਦਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਅਤੇ ਸੰਗਤ ਗੁਰੂਘਰ ‘ਚ ਨਤਮਸਤਕ ਹੋ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਗੁਰੂਘਰ ਅੰਦਰ ਦਾਖ਼ਲ ਹੋ ਕੇ ਪਾਠੀ ਸਿੰਘ ਵੱਲ ਇਸ਼ਾਰਾ ਕਰਦਾ ਹੈ ਅਤੇ ਅੱਗੇ ਆ ਕੇ ਪਾਠੀ ਸਿੰਘ ‘ਤੇ ਹਮਲਾ ਕਰ ਦਿੰਦਾ ਹੈ। ਗੁਰੂਘਰ ਅੰਦਰ ਪਾਠੀ ਸਿੰਘ ਨਾਲ ਇੰਝ ਉਲਝਣਾ ਬੇਹੱਦ ਮੰਦਭਾਗੀ ਘਟਨਾ ਹੈ। ਸੀ.ਸੀ.ਟੀ.ਵੀ. ਫੁਟੇਜ ‘ਚ ਦਿਖਾਈ ਦੇ ਰਿਹਾ ਹੈ ਕਿ ਅੱਗਿਓਂ ਪਾਠੀ ਸਿੰਘ ਵੀ ਤਲਵਾਰ ਕੱਢ ਲੈਂਦਾ ਹੈ। ਇਸ ਦਾ ਕਾਰਨ ਕੀ ਸੀ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਪਾਠੀ ਸਿੰਘ ਨਾਲ ਹੀ ਕੋਈ ਰੰਜਿਸ਼ ਸੀ। ਬੇਸ਼ੱਕ ਪਾਠੀ ਸਿੰਘ ਨਾਲ ਕੋਈ ਰੌਲਾ ਹੋ ਸਕਦਾ ਹੈ ਪਰ ਗੁਰੂਘਰ ਅੰਦਰ ਵਾਪਰੀ ਇਹ ਘਟਨਾ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਹੈ। ਇਸ ਘਟਨਾ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਕਦਮ ਚੁੱਕਿਆ ਜਾ ਸਕਦਾ ਹੈ। ਇਸ ਘਟਨਾ ਦੇ ਕਾਰਨ ਸੰਗਤਾਂ ਵਲੋਂ ਰੋਸ ਵਜੋਂ ਚੌਕ ‘ਚ ਸ਼ਾਂਤਮਾਈ ਧਰਨਾ ਲਾਇਆ ਗਿਆ ਹੈ। ਦੱਸਣਯੋਗ ਹੈ ਕਿ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਅਤੇ ਉਨ੍ਹਾਂ ਦੇ ਮਾਤਾ ਗੁਜਰ ਕੌਰ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਹੈ, ਜਿੱਥੇ ਮੰਦਭਾਗੀ ਘਟਨਾ ਵਾਪਰੀ ਹੈ। ਬਾਅਦ ‘ਚ ਸੰਗਤ ਵੱਲੋਂ ਲਾਏ ਧਰਨੇ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਆਗੂ ਸ਼ਾਮਲ ਹੋਏ ਅਤੇ ਮੰਦਭਾਗੀ ਘਟਨਾ ਸਬੰਧੀ ਫੌਰੀ ਕਾਰਵਾਈ ਦੀ ਮੰਗ ਕੀਤੀ।