ਕ੍ਰਿਕਟ ਪ੍ਰੇਮੀਆਂ ‘ਚ ਇੰਡੀਆ ਤੇ ਪਾਕਿਸਤਾਨ ‘ਚ ਹੋਣ ਵਾਲੇ ਹਰੇਕ ਮੈਚ ਲਈ ਜਨੂੰਨ ਦੇਖਣ ਨੂੰ ਮਿਲਦਾ ਹੈ। ਜਦੋਂ ਵੀ ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਕ੍ਰਿਕਟ ਦਾ ਕੋਈ ਵੀ ਮੈਚ ਹੋਣਾ ਹੋਵੇ ਲੋਕ ਟੈਲੀਵਿਜ਼ਨ ਅੱਗੇ ਬੈਠੇ ਰਹਿੰਦੇ ਹਨ। ਜਿਸ ਸਟੇਡੀਅਮ ‘ਚ ਮੈਚ ਹੋਣਾ ਹੁੰਦਾ ਹੈ ਉਥੋਂ ਦੀਆਂ ਸਾਰੀਆਂ ਟਿਕਟਾਂ ਵਿਕ ਜਾਂਦੀਆਂ ਹਨ। ਬਿਲਕੁਲ ਇਸੇ ਤਰ੍ਹਾਂ ਹੁਣ ਮੈਲਬੌਰਨ ‘ਚ ਹੋਣ ਵਾਲੇ ਇੰਡੀਆ ਤੇ ਪਾਕਿਸਤਾਨ ਦੇ ਟੀ-20 ਵਰਲਡ ਕੱਪ ਦੇ ਮੈਚ ਦੀਆਂ ਟਿਕਟਾਂ ਵੀ ਅਗਾਊਂ ਹੀ ਵਿਕ ਗਈਆਂ ਹਨ। ਇਹ ਮੈਚ ਇਕ ਮਹੀਨੇ ਬਾਅਦ 23 ਅਕਤੂਬਰ ਨੂੰ ਹੋਣਾ ਹੈ ਪਰ ਟਿਕਟਾਂ ਹੁਣੇ ਵਿਕ ਚੁੱਕੀਆਂ ਹਨ। ਟੀ-20 ਵਰਲਡ ਕੱਪ 16 ਅਕਤੂਬਰ ਤੋਂ ਆਸਟਰੇਲੀਆ ‘ਚ ਸ਼ੁਰੂ ਹੋਵੇਗਾ ਜਿਸ ‘ਚ ਇੰਡੀਆ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੰਟਰਨੈਸ਼ਨਲ ਕ੍ਰਿਕੇਟ ਕੌਂਸਲ ਦੇ ਅਨੁਸਾਰ, ਇਸ ਟੂਰਨਾਮੈਂਟ ਲਈ ਹੁਣ ਤੱਕ 5 ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ ਟਿਕਟਾਂ ਖ਼ਰੀਦੀਆਂ ਹਨ। ਇਨ੍ਹਾਂ ‘ਚ ਇੰਡੀਆ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਵੀ ਸ਼ਾਮਲ ਹੈ ਜਿਸ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਆਈ.ਸੀ.ਸੀ. ਦੀ ਇਕ ਰਿਲੀਜ਼ ਦੇ ਅਨੁਸਾਰ, ‘ਖੜ੍ਹੇ ਹੋ ਕੇ ਮੈਚ ਦੇਖਣ ਲਈ ਵਾਧੂ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਵਿਕਰੀ ਲਈ ਰੱਖੇ ਜਾਣ ਦੇ ਕੁਝ ਮਿੰਟਾਂ ‘ਚ ਹੀ ਵਿਕ ਗਈਆਂ।’ ਇਸ ‘ਚ ਕਿਹਾ ਗਿਆ ਹੈ, ‘ਮੁਕਾਬਲੇ ਤੋਂ ਪਹਿਲਾਂ ਅਧਿਕਾਰਤ ਵਿਕਰੀ ਕੇਂਦਰ ਸ਼ੁਰੂ ਕੀਤਾ ਜਾਵੇਗਾ, ਜਿੱਥੇ ਪ੍ਰਸ਼ੰਸਕ ਅੰਕਿਤ ਮੁੱਲ ‘ਤੇ ਟਿਕਟਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ।’ ਆਈ.ਸੀ.ਸੀ. ਨੇ ਕਿਹਾ, ‘ਟੀ-20 ਵਿਸ਼ਵ ਕੱਪ ‘ਚ 16 ਅੰਤਰਰਾਸ਼ਟਰੀ ਟੀਮਾਂ ਦੇ ਮੈਚ ਦੇਖਣ ਲਈ 82 ਵੱਖ-ਵੱਖ ਦੇਸ਼ਾਂ ਦੇ ਪ੍ਰਸ਼ੰਸਕਾਂ ਨੇ ਟਿਕਟਾਂ ਖ਼ਰੀਦੀਆਂ ਹਨ। ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2020 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਆਈ.ਸੀ.ਸੀ. ਈਵੈਂਟ ‘ਚ ਸਟੇਡੀਅਮ ਖਚਾਖਚ ਭਰੇ ਹੋਣਗੇ। ਕ੍ਰਿਕੇਟ ਦੀ ਸਿਖਰ ਸੰਸਥਾ ਨੇ ਕਿਹਾ, ‘ਇਸ ਤੋਂ ਇਲਾਵਾ ਸਿਡਨੀ ‘ਚ 27 ਅਕਤੂਬਰ ਨੂੰ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਅਤੇ ਇੰਡੀਆ ਅਤੇ ਗਰੁੱਪ ਏ ਦੇ ਉਪ ਜੇਤੂ ਵਿਚਾਲੇ ਹੋਣ ਵਾਲੇ ਮੈਚਾਂ ਦੀਆਂ ਸਾਰੀਆਂ ਟਿਕਟਾਂ ਵੀ ਵਿਕ ਗਈਆਂ ਹਨ।’