ਅਮਰੀਕਾ ਦੇ ਮਿਲਵਾਕੀ ਸ਼ਹਿਰ ‘ਚ ਫਾਇਰਿੰਗ ਦੀ ਇਕ ਘਟਨਾ ‘ਚ 15 ਸਾਲਾ ਇਕ ਮੁੰਡੇ ਦੀ ਮੌਤ ਹੋ ਗਈ ਜਦੋਂਕਿ 5 ਕੁੜੀਆਂ ਜ਼ਖ਼ਮੀ ਹੋ ਗਈਆਂ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਰਾਤ 11:30 ਵਜੇ ਹੋਈ ਫਾਇਰਿੰਗ ‘ਚ ਮੁੰਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲਵਾਕੀ ਕਾਊਂਟੀ ਦੇ ਮੈਡੀਕਲ ਐਗਜ਼ਾਮੀਨਰ ਦਫਤਰ ਨੇ ਮਾਰੇ ਗਏ ਮੁੰਡੇ ਦੀ ਪਛਾਣ ਡੇਵੀਅਨ ਪੈਟਰਸਨ ਦੇ ਰੂਪ ‘ਚ ਕੀਤੀ ਹੈ। ਪੁਲੀਸ ਮੁਤਾਬਕ ਜ਼ਖ਼ਮੀ ਕੁੜੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਉਹ ਅਣਪਛਾਤੇ ਸ਼ੱਕੀਆਂ ਦੀ ਭਾਲ ਕਰ ਰਹੇ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੋਲੀਬਾਰੀ ਕਿਉਂ ਹੋਈ ਹੈ। ਜੈਕਲੀਨ ਮੂਰ ਨਾਮ ਦੀ ਇਕ ਸਥਾਨਕ ਮਹਿਲਾ ਨੇ ਦੱਸਿਆ ਕਿ ਉਸ ਦੀ 16 ਸਾਲਾ ਧੀ ਦਾ ਲਗਭਗ 3 ਸਾਲ ਪਹਿਲਾਂ ਉਸੇ ਇਲਾਕੇ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਰ ਨੇ ਕਿਹਾ ਕਿ 15 ਸਾਲ ਹੋਵੇ ਜਾਂ 14 ਸਾਲ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਅਜੇ ਵੀ ਇਕ ਬੱਚਾ ਸੀ। ਕਿਸੇ ਨੇ ਆਪਣਾ ਬੱਚਾ ਫਿਰ ਤੋਂ ਗੁਆ ਦਿੱਤਾ ਹੈ।