ਮਿਸੀਸਾਗਾ ’ਚ ਵੀਰਵਾਰ ਦੁਪਹਿਰ ਨੂੰ ਇਕ ਮਾਲ ਪਾਰਕਿੰਗ ’ਚ ਦੋ ਜਣਿਆਂ ਦੇ ਚਾਕੂ ਮਾਰਨ ਤੋਂ ਬਾਅਦ ਪੁਲੀਸ ਨੇ ਇਕ ਨੌਜਵਾਨ ਨੂੰ ਹਿਰਾਸਤ ’ਚ ਲਿਆ ਹੈ। ਦੁਪਹਿਰ ਦੋ ਵਜੇ ਤੋਂ ਥੋਡ਼੍ਹੀ ਦੇਰ ਪਹਿਲਾਂ ਪੀਲ ਰੀਜਨਲ ਪੁਲੀਸ ਨੂੰ ਏਰਿਨ ਮਿਲਜ਼ ਟਾਊਨ ਸੈਂਟਰ ਦੇ ਬਾਹਰ ਏਰਿਨ ਮਿਲਜ਼ ਪਾਰਕਵੇਅ ਅਤੇ ਐਗਲਿਨਟਨ ਐਵੇਨਿਊ ਵੈਸਟ ਦੇ ਨੇਡ਼ੇ ਚਾਕੂ ਮਾਰਨ ਬਾਰੇ ਇਕ ਕਾਲ ਪ੍ਰਾਪਤ ਹੋਈ। ਪੀਲ ਰੀਜਨਲ ਪੈਰਾਮੈਡਿਕ ਸਰਵਿਸਿਜ਼ ਨੇ ਦੱਸਿਆ ਕਿ ਦੋ ਪੁਰਸ਼ ਪੀਡ਼ਤਾਂ ਨੂੰ ਗੰਭੀਰ ਹਾਲਤ ’ਚ ਟਰੌਮਾ ਸੈਂਟਰ ’ਚ ਲਿਜਾਇਆ ਗਿਆ। ਪੁਲੀਸ ਨੇ ਉਨ੍ਹਾਂ ਦੀ ਸਹੀ ਉਮਰ ਨਹੀਂ ਦੱਸੀ ਪਰ ਉਨ੍ਹਾਂ ਨੂੰ ਨੌਜਵਾਨ ਦੱਸਿਆ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ’ਚੋਂ ਇਕ ਨੂੰ ਹਾਲਤ ਸਥਿਰ ਹੈ ਜਦਕਿ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪੀਡ਼ਤ ਕਥਿਤ ਤੌਰ ’ਤੇ ਇਕ ਰੈਪਰ ਹੈ। ਗਵਾਹਾਂ ਨੇ ਪੁਲੀਸ ਨੂੰ ਦੱਸਿਆ ਕਿ ਸ਼ੱਕੀ 15 ਤੋਂ 17 ਸਾਲ ਦੀ ਉਮਰ ਦਾ ਹੈ ਜੋ ਦੇਖਣ ਨੂੰ ਦੱਖਣੀ ਏਸ਼ੀਅਨ ਲੱਗਦਾ ਹੈ। ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਸਲੇਟੀ ਨਾਈਕੀ ਸਵੈਟਪੈਂਟ ਪਾਈ ਹੋਈ ਸੀ ਅਤੇ ਉਹ ਪੈਦਲ ਭੱਜ ਗਿਆ ਜਿਸ ਨੂੰ ਪੁਲੀਸ ਨੇ ਬਾਅਦ ’ਚ ਹਿਰਾਸਤ ’ਚ ਲੈ ਲਿਆ। ਪੁਲੀਸ ਅਧਿਕਾਰੀ ਸਾਰਾਹ ਪੈਟਨ ਨੇ ਕਿਹਾ ਕਿ ਉਹ ਲੋਕਾਂ ਨੂੰ ਭਰੋਸਾ ਦਿੰਦੇ ਹਨ ਕਿ ਜਨਤਕ ਸੁਰੱਖਿਆ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਪੀਡ਼ਤ ਅਤੇ ਸ਼ੱਕੀ ਇਕ-ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਉਨ੍ਹਾਂ ਦੱਸਿਆ ਸਕੂਲ ਕੋਲ ਝਗਡ਼ਾ ਹੋਇਆ ਜੋ ਪਾਰਕਿੰਗ ’ਚ ਆ ਕੇ ਵਧ ਗਿਆ।