ਬਰੈਂਪਟਨ ਦੇ ਮੰਦਰ ‘ਚ ਭੰਨ-ਤੋੜ ਅਤੇ ਨਾਅਰੇ ਲਿਖਣ ਤੋਂ ਬਾਅਦ ਹੁਣ ਮਿਸੀਸਾਗਾ ਦੇ ਰਾਮ ਮੰਦਰ ਦੀ ਕੰਧ ‘ਤੇ ਇੰਡੀਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਡੀਆ ਨੇ ਇਹ ਨਾਅਰੇਬਾਜ਼ੀ ਲਿਖੇ ਜਾਣ ਦੀ ਸਖ਼ਤ ਨਿੰਦਾ ਕਰਦੇ ਹੋਏ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਮਿਸੀਸਾਗਾ ‘ਚ ਰਾਮ ਮੰਦਰ ਦੀ ਕੰਧ ‘ਤੇ ਇੰਡੀਆ ਵਿਰੋਧੀ ਨਾਅਰੇ ਲਿਖੇ ਗਏ ਹਨ ਜਿਸ ਨਾਲ ਹਿੰਦੂ ਭਾਈਚਾਰੇ ‘ਚ ਰੋਸ ਫੈਲ ਗਿਆ। ਟੋਰਾਂਟੋ ‘ਚ ਇੰਡੀਆ ਦੇ ਕੌਂਸਲੇਟ ਜਨਰਲ ਨੇ ਟਵੀਟ ਕੀਤਾ, ‘ਅਸੀਂ ਮਿਸੀਸਾਗਾ ‘ਚ ਰਾਮ ਮੰਦਰ ਦੀ ਕੰਧ ‘ਤੇ ਇੰਡੀਆ ਵਿਰੋਧੀ ਨਾਅਰੇ ਲਿਖੇ ਜਾਣ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ‘ਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।’ ਇਸ ਘਟਨਾ ‘ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੀ ਪ੍ਰਤੀਕਿਰਿਆ ਵੀ ਆਈ ਜਿਨ੍ਹਾਂ ਨੇ ਕਿਹਾ ਕਿ ਕੈਨੇਡਾ ‘ਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ ਅਤੇ ਪੁਲੀਸ ਇਸ ਦੀ ਜਾਂਚ ਕਰ ਰਹੀ ਹੈ। ਮੇਅਰ ਬ੍ਰਾਊਨ ਨੇ ਟਵੀਟ ਕੀਤਾ, ‘ਮਿਸੀਸਾਗਾ ‘ਚ ਰਾਮ ਮੰਦਰ ਦੀ ਕੰਧ ‘ਤੇ ਇੰਡੀਆ ਵਿਰੋਧੀ ਨਾਅਰੇ ਲਿਖੇ ਜਾਣ ਬਾਰੇ ਸੁਣ ਕੇ ਮੈਂ ਦੁਖੀ ਹਾਂ। ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਮੰਦਰ ਦੇ ਪਿਛਲੇ ਪਾਸੇ ਕੰਧਾਂ ਨੂੰ ਸਪਰੇਅ ਪੇਂਟ ਕੀਤਾ। ਪੀਲ ਖੇਤਰ ‘ਚ ਇਸ ਕਿਸਮ ਦੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਪੀਲ ਪੁਲੀਸ ਅਤੇ ਪੀਲ ਰੀਜਨਲ ਪੁਲੀਸ ਦੇ ਮੁਖੀ ਨਿਸ਼ਾਨ ਦੁਰਾਇੱਪਾ ਇਸ ਸੰਭਾਵੀ ਨਫ਼ਰਤੀ ਅਪਰਾਧ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ। 12 ਡਿਵੀਜ਼ਨ ਨੇ ਜਾਂਚ ਕੀਤੀ ਹੈ ਅਤੇ ਉਹ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣਗੇ। ਕੈਨੇਡਾ ‘ਚ ਧਾਰਮਿਕ ਆਜ਼ਾਦੀ ਇਕ ਚਾਰਟਰ ਅਧਿਕਾਰ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਹਰ ਕੋਈ ਆਪਣੇ ਪੂਜਾ ਸਥਾਨ ‘ਤੇ ਸੁਰੱਖਿਅਤ ਰਹੇ। ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਹਫ਼ਤੇ ਇਸੇ ਮੰਦਰ ‘ਚ ਇਕ ਅਸਫਲ ਚੋਰੀ ਦੀ ਕੋਸ਼ਿਸ਼ ਵੀ ਹੋਈ ਸੀ। ਸੁਰੱਖਿਆ ਅਲਾਰਮ ਵੱਜਣ ਤੋਂ ਬਾਅਦ ਚੋਰ ਕਥਿਤ ਤੌਰ ‘ਤੇ ਫਰਾਰ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਇਕ ਦਿਨ ਬਾਅਦ ਬਰੈਂਪਟਨ ‘ਚ ਭਾਰਤ ਮਾਤਾ ਮੰਦਰ ‘ਚ ਚੋਰੀ ਹੋ ਗਈ ਅਤੇ ਚੋਰ ਦਾਨ ਬਾਕਸ ਲੈ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਪਿਛਲੇ ਮਹੀਨੇ ਬਰੈਂਪਟਨ ‘ਚ ਗੌਰੀ ਸ਼ੰਕਰ ਮੰਦਰ ‘ਚ ਭਾਰਤ ਵਿਰੋਧੀ ਨਾਅਰੇ ਲਿਖ ਕੇ ਭੰਨਤੋੜ ਕੀਤੀ ਗਈ ਸੀ ਜਿਸ ‘ਚ ਕੈਨੇਡਾ ਅਤੇ ਇੰਡੀਆ ਦੇ ਨੇਤਾਵਾਂ ਨੇ ਕੈਨੇਡਾ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਸੀ।