ਅਰਜਨਟੀਨਾ ਦੇ ਫੁਟਬਾਲਰ ਲਿਓਨਲ ਮੈਸੀ ਦੇ ਪਰਿਵਾਰ ਨਾਲ ਸਬੰਧਤ ਸੁਪਰਮਾਰਕੀਟ ‘ਚ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਅਤੇ ਇਕ ਟੈਕਸਟ ਸੁਨੇਹੇ ‘ਚ ਉਸ ਨੂੰ ਧਮਕੀ ਦਿੱਤੀ। ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰਾਂ ਨੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਰੋਜ਼ਾਰੀਓ ‘ਚ ‘ਯੂਨੀਕੋ’ ਸੁਪਰਮਾਰਕੀਟ ਨੂੰ ਕਿਉਂ ਨਿਸ਼ਾਨਾ ਬਣਾਇਆ। ਸੁਪਰਮਾਰਕੀਟ ਉਸ ਦੀ ਪਤਨੀ ਐਂਟੋਨੇਲਾ ਰੋਕੂਜ਼ੋ ਦੇ ਪਰਿਵਾਰ ਦੀ ਮਲਕੀਅਤ ਹੈ। ਹਮਲਾਵਰਾਂ ਨੇ ਜਿਹੜਾ ਸੰਦੇਸ਼ ਛੱਡਿਆ ਹੈ ਉਸ ‘ਚ ਕਿਹਾ ਹੈ, ‘ ਮੈਸੀ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਜੈਵਕਿਨ ਵੀ ਨਸ਼ੀਲੇ ਪਦਾਰਥਾਂ ਦਾ ਤਸਕਰ ਹੈ, ਇਸ ਲਈ ਉਹ ਤੁਹਾਡਾ ਖ਼ਿਆਲ ਨਹੀਂ ਰੱਖ ਸਕੇਗਾ।’ ਵਰਨਣਯੋਗ ਹੈ ਕਿ ਪਾਬਲੋ ਜੈਵਕਿਨ ਵੀ ਸ਼ਹਿਰ ਦਾ ਮੇਅਰ ਹੈ। ਦੁਨੀਆ ਦੇ ਮਹਾਨ ਖਿਡਾਰੀਆਂ ‘ਚੋਂ ਇਕ ਮੈਸੀ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਦੀ ਅਗਵਾਈ ‘ਚ ਇਸ ਸਾਲ ਦਸੰਬਰ ‘ਚ ਅਰਜਨਟੀਨਾ ਨੇ 36 ਸਾਲ ਦੇ ਲੰਬੇ ਵਕਫੇ ਬਾਅਦ ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ। ਉਹ ਵਰਤਮਾਨ ‘ਚ ਪੈਰਿਸ ਸੇਂਟ-ਜਰਮੇਨ ਲਈ ਖੇਡ ਰਿਹਾ ਹੈ ਅਤੇ ਆਪਣਾ ਜ਼ਿਆਦਾਤਰ ਸਮਾਂ ਵਿਦੇਸ਼ ‘ਚ ਬਿਤਾਉਂਦਾ ਹੈ।