2014 ’ਚ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਵੱਡਾ ਮੁੱਦਾ ਬਣਾ ਕੇ ਕਾਂਗਰਸ ਸਰਕਾਰ ਦਾ ਤਖ਼ਤਾ ਪਟਲਣ ਵਾਲੀ ਭਾਜਪਾ ਹੁਣ ਜਦੋਂ ਅੱਠ ਸਾਲ ਤੋਂ ਸੱਤਾ ’ਚ ਹੈ ਤਾਂ ਕਾਂਗਰਸ ਨੇ ਇਸੇ ਨੂੰ ਮੁੱਦਾ ਬਣਾ ਕੇ ਸਡ਼ਕ ਤੋਂ ਸੰਸਦ ਤੱਕ ਦੇਸ਼ ਭਰ ’ਚ ਮੁਜ਼ਾਹਰੇ ਕੀਤੇ। ਦੇਸ਼ ਭਰ ’ਚ ਸੈਂਕਡ਼ੇ ਥਾਵਾਂ ’ਤੇ ਇਨ੍ਹਾਂ ਰੋਸ ਪ੍ਰਦਰਸ਼ਨਾਂ ’ਚ ਵੱਧ ਚਡ਼੍ਹ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਨਵੀਂ ਦਿੱਲੀ ’ਚ ਕਾਂਗਰਸੀ ਆਗੂਆਂ ਨੇ ਕਾਲੇ ਚੋਲੇ ਪਾ ਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਸਦ ਤੋਂ ਸਡ਼ਕ ਤੱਕ ਪ੍ਰਦਰਸ਼ਨ ਕੀਤਾ। ਕਾਂਗਰਸੀ ਸੰਸਦ ਮੈਂਬਰਾਂ ਨੇ ਜ਼ਰੂਰੀ ਵਸਤਾਂ ’ਤੇ ਜੀ.ਐੱਸ.ਟੀ. ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਸੰਸਦ ਦੇ ਬਾਹਰ ਵਿਜੈ ਚੌਕ ਤੇ ਆਲ ਇੰਡੀਆ ਕਾਂਗਰਸ ਕਮੇਟੀ ਹੈੱਡਕੁਆਰਟਰ ਦੇ ਬਾਹਰ ਬਣੇ ਟਕਰਾਅ ਵਾਲੇ ਮਾਹੌਲ ਦਰਮਿਆਨ ਦਿੱਲੀ ਪੁਲੀਸ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਸਣੇ 60 ਤੋਂ ਵੱਧ ਕਾਂਗਰਸੀ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਲਗਪਗ ਛੇ ਘੰਟੇ ਹਿਰਾਸਤ ’ਚ ਰੱਖਣ ਮਗਰੋਂ ਇਨ੍ਹਾਂ ਨੂੰ ਛੱਡ ਦਿੱਤਾ ਗਿਆ। ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ। ਉਧਰ ਦਿੱਲੀ ਪੁਲੀਸ ਨੇ 65 ਸੰਸਦ ਮੈਂਬਰਾਂ ਸਮੇਤ ਕੁੱਲ 335 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਣ ਦਾ ਦਾਅਵਾ ਕੀਤਾ ਸੀ। ਕਾਂਗਰਸੀ ਸੰਸਦ ਮੈਂਬਰਾਂ, ਜਿਨ੍ਹਾਂ ’ਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਲ ਸਨ, ਨੇ ਮਹਿੰਗਾਈ ਸਮੇਤ ਜ਼ਰੂਰੀ ਵਸਤਾਂ ’ਤੇ ਜੀ.ਐੱਸ.ਟੀ. ਵਧਾਉਣ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਸੰਸਦ ਭਵਨ ਅਹਾਤੇ ’ਚ ਪ੍ਰਦਰਸ਼ਨ ਕੀਤਾ। ਇਸ ਮੌਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਹੋਰਨਾਂ ਮਹਿਲਾ ਸੰਸਦ ਮੈਂਬਰਾਂ ਨਾਲ ਗੇਟ ਨੰਬਰ ਇਕ ਦੇ ਬਾਹਰ ਮੌਜੂਦ ਰਹੇ। ਮਹਿਲਾ ਮੈਂਬਰਾਂ ਨੇ ਹੱਥਾਂ ’ਚ ਬੈਨਰ ਚੁੱਕੇ ਹੋਏ ਸਨ। ਕਾਂਗਰਸੀ ਸੰਸਦ ਮੈਂਬਰ ਮਗਰੋਂ ਰਾਸ਼ਟਰਪਤੀ ਭਵਨ ਵੱਲ ਮਾਰਚ ਕੱਢਣ ਲਈ ਤੁਰ ਪਏ ਹਾਲਾਂਕਿ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਵਿਜੈ ਚੌਕ ’ਚ ਹੀ ਰੋਕ ਲਿਆ। ਸੋਨੀਆ ਗਾਂਧੀ ਰਾਸ਼ਟਰਪਤੀ ਭਵਨ ਵੱਲ ਮਾਰਚ ’ਚ ਸ਼ਾਮਲ ਨਹੀਂ ਹੋਏ। ਪਾਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ, ਸੀਨੀਅਰ ਕਾਂਗਰਸੀ ਆਗੂਆਂ ਕੇ.ਸੀ. ਵੇਣੂਗੋਪਾਲ, ਅਧੀਰ ਰੰਜਨ ਚੌਧਰੀ ਤੇ ਗੌਰਵ ਗੋਗੋਈ ਸਣੇ 64 ਦੇ ਕਰੀਬ ਸੰਸਦ ਮੈਂਬਰਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਤੇ ਵਿਜੈ ਚੌਕ ਤੋਂ ਬੱਸਾਂ ’ਚ ਬਿਠਾ ਕੇ ਲੈ ਗਈ। ਇਸ ਤੋਂ ਪਹਿਲਾਂ ਵਿਜੈ ਚੌਕ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਅਸੀਂ ਮਹਿੰਗਾਈ ਦਾ ਮੁੱਦਾ ਚੁੱਕਣ ਲਈ ਇਥੇ ਆਏ ਹਾਂ।’ ਉਨ੍ਹਾਂ ਕਿਹਾ ਕਿ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹੈ। ਉਨ੍ਹਾਂ ਪੁਲੀਸ ਵੱਲੋਂ ਸੰਸਦ ਮੈਂਬਰਾਂ ਦੀ ਖਿੱਚਧੂਹ ਤੇ ‘ਕੁੱਟਮਾਰ’ ਕੀਤੇ ਜਾਣ ਦਾ ਦਾਅਵਾ ਵੀ ਕੀਤਾ।