ਦੁਨੀਆ ਦੇ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਭਿੜਨ ਵਾਲੇ ਪਦਮਸ੍ਰੀ ਓਲੰਪੀਅਨ ਮੁੱਕੇਬਾਜ਼ ਅਤੇ ਏਸ਼ੀਅਨ ਖੇਡਾਂ ‘ਚ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਕੌਰ ਸਿੰਘ ਨਹੀਂ ਰਹੇ। ਉਨ੍ਹਾਂ 74 ਸਾਲ ਦੀ ਉਮਰ ‘ਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਹਸਪਤਾਲ ‘ਚ ਆਖਰੀ ਸਾਹ ਲਏ। ਭਾਰਤੀ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਖਨਾਲ ਖੁਰਦ ਵਿਖੇ ਰਹਿ ਰਹੇ ਸਨ। ਉਨ੍ਹਾਂ ਨੇ 1982 ਦੀਆਂ ਏਸ਼ੀਅਨ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਛੇ ਸੋਨ ਤਗ਼ਮੇ ਜਿੱਤੇ। ਉਨ੍ਹਾਂ ਦੇ ਯਾਦਗਾਰੀ ਮੈਚਾਂ ਵਿੱਚੋਂ ਇਕ ਚਾਰ-ਗੇੜ ਦਾ ਪ੍ਰਦਰਸ਼ਨੀ ਮੈਚ ਸੀ, ਜੋ ਉਨ੍ਹਾਂ 27 ਜਨਵਰੀ 1980 ਨੂੰ ਦਿੱਲੀ ‘ਚ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਨਾਲ ਖੇਡਿਆ ਸੀ। ਉਨ੍ਹਾਂ ਨੇ ਨਵੀਂ ਦਿੱਲੀ ‘ਚ 1982 ਦੀਆਂ ਏਸ਼ੀਅਨ ਖੇਡਾਂ ‘ਚ ਹੈਵੀਵੇਟ ਮੁੱਕੇਬਾਜ਼ੀ ਦਾ ਸੋਨ ਤਗ਼ਮਾ ਜਿੱਤਿਆ ਸੀ। ਕੌਰ ਸਿੰਘ ਨੂੰ 1982 ‘ਚ ਅਰਜੁਨ ਅਵਾਰਡ, 1983 ‘ਚ ਪਦਮਸ੍ਰੀ ਅਤੇ 1988 ‘ਚ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਜੀਵਨੀ ਸਿਲੇਬਸ ‘ਚ ਛਾਪਣ ਦਾ ਫ਼ੈਸਲਾ ਲਿਆ ਹੈ। ਸੂਬੇਦਾਰ ਕੌਰ ਸਿੰਘ 1970 ‘ਚ ਫ਼ੌਜ ‘ਚ ਭਰਤੀ ਹੋਇਆ ਸੀ ਜਿੱਥੇ ਦੇਸ਼ ਦੀ ਸੇਵਾ ਕਰਦਿਆਂ ਉਸ ਅੰਦਰ ਮੁੱਕੇਬਾਜ਼ੀ ਦੇ ਖੇਤਰ ‘ਚ ਵੱਖਰਾ ਮੁਕਾਮ ਹਾਸਲ ਕਰਨ ਦੀ ਜਗਿਆਸਾ ਪੈਦਾ ਹੋਈ। ਉਨ੍ਹਾਂ ਇਸ ਸ਼ੌਕ ਨੂੰ ਪੂਰਾ ਕਰਨ ਲਈ ਕਰਨਲ ਬਲਜੀਤ ਸਿੰਘ ਜੌਹਲ ਨੇ ਭਰਪੂਰ ਯੋਗਦਾਨ ਪਾਉਂਦਿਆਂ ਪੂਨਾ ਇੰਸਟੀਚਿਊਟ ‘ਚ ਟਰੇਨਿੰਗ ਕੈਂਪ ਲਾਉਣ ਲਈ ਪ੍ਰੇਰਿਤ ਕੀਤਾ। ਜਿੱਥੋਂ ਉਨ੍ਹਾਂ ਨੇ ਮੁੱਕੇਬਾਜ਼ੀ ਦੀ ਸਿਖਲਾਈ ਲੈ ਕੇ ਨਿਪੁੰਨਤਾ ਹਾਸਲ ਕੀਤੀ। ਆਪਣੀ ਮਿਹਨਤ ਅਤੇ ਲਗਨ ਨਾਲ ਉਸ ਨੇ ਨੈਸ਼ਨਲ ਖੇਡਦਿਆਂ ਪਹਿਲੀ ਵਾਰ ਸਿੰਕਦਾਰਾਬਾਦ ਵਿਖੇ ਗੋਲਡ ਮੈਡਲ ਜਿੱਤਿਆ। ਫਿਰ ਉਹ ਇੰਡੀਆ ਕੱਪ ਲਈ ਚੁਣੇ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਮਨਵੈਲਥ ਖੇਡਾਂ ਅਤੇ ਕਿੰਗ ਕੱਪ ‘ਚ ਖੇਡਦਿਆਂ ਵੀ ਗੋਲਡ ਮੈਡਲ ਜਿੱਤੇ। ਉਨ੍ਹਾਂ 1984 ‘ਚ ਅਮਰੀਕਾ ਦੇ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ‘ਚ ਵੀ ਭਾਗ ਲਿਆ ਜਿੱਥੇ ਹੋਈ ਇਕ ਘਟਨਾ ਨੇ ਉਸ ਦਾ ਮਨ ਖੱਟਾ ਕਰ ਦਿੱਤਾ ਅਤੇ ਉਨ੍ਹਾਂ ਮੁੱਕੇਬਾਜ਼ੀ ਛੱਡ ਦਿੱਤੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਜੀਵਨੀ 9ਵੀਂ ਅਤੇ 10ਵੀਂ ਦੀਆਂ ਕਿਤਾਬਾਂ ‘ਚ ਸ਼ਾਮਲ ਕਰਕੇ ਉਨ੍ਹਾਂ ਨੂੰ ਮਾਣ ਬਖਸ਼ਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਦਮਸ੍ਰੀ ਕੌਰ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਓਲੰਪੀਅਨ ਮੁੱਕੇਬਾਜ਼ ਪਦਮਸ੍ਰੀ ਕੌਰ ਸਿੰਘ ਜੀ…ਜਿਨ੍ਹਾਂ ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਹੁੰਦੇ ਹੋਏ ਏਸ਼ੀਅਨ ਗੇਮਜ਼ ‘ਚ ਇੰਡੀਆ ਦਾ ਦਬਦਬਾ ਬਣਾ ਕੇ ਰੱਖਿਆ ਤੇ ਸੋਨ ਤਗ਼ਮਾ ਦੇਸ਼ ਦੀ ਝੋਲੀ ਪਾਇਆ…ਕੌਰ ਸਿੰਘ ਅੱਜ ਸਾਨੂੰ ਵਿਛੋੜਾ ਦੇ ਗਏ…ਪਰਮਾਤਮਾ ਅੱਗੇ ਅਰਦਾਸ ਵਿੱਛੜੀ ਰੂਹ ਨੂੰ ਚਰਨੀਂ ਲਾਉਣ ਤੇ ਮੁਸ਼ਕਲ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ।