ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਇਕ ਮੈਚ ‘ਚ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਨੂੰ 71 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਦੀ ਟੀਮ ਜੇਤੂ ਰਹੀ। ਪਾਕਿਸਤਾਨੀ ਨੇ ਇਹ ਜਿੱਤ ਆਲੀਆ ਰਿਆਜ਼ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਹਾਸਲ ਕੀਤੀ ਜਿਸ ਨੇ ਨਾਬਾਦ 57 ਦੌੜਾਂ ਬਣਾਈਆਂ। ਟੂਰਨਾਮੈਂਟ ‘ਚ ਥਾਈਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨੀ ਮਹਿਲਾ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ 7 ਅਕਤੂਬਰ ਨੂੰ ਇੰਡੀਆ ਖ਼ਿਲਾਫ਼ ਅਤੇ ਹੁਣ ਯੂ.ਏ.ਈ. ਖ਼ਿਲਾਫ਼ ਜਿੱਤ ਦਰਜ ਕੀਤੀ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਬੱਲੇਬਾਜ਼ ਮੁਨੀਬਾ ਅਲੀ ਦੀਆਂ 43 ਦੌੜਾਂ (ਪੰਜ ਚੌਕੇ, ਇਕ ਛੱਕਾ) ਤੋਂ ਬਾਅਦ ਰਿਆਜ਼ ਦਾ 36 ਗੇਂਦਾਂ ‘ਤੇ ਅਰਧ ਸੈਂਕੜਾ (ਪੰਜ ਚੌਕੇ, ਤਿੰਨ ਛੱਕੇ) ਅਤੇ ਨਿਦਾ ਡਾਰ (ਅਜੇਤੂ 25) ਨਾਲ ਉਸ ਦੀ ਛੇਵੀਂ ਵਿਕਟ ਲਈ 35 ਗੇਂਦਾਂ ‘ਚ ਅਜੇਤੂ 67 ਦੌੜਾਂ ਦੀ ਸਾਂਝੇਦਾਰੀ ਕਾਰਨ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 145 ਦੌੜਾਂ ਦਾ ਸਕੋਰ ਬਣਾਇਆ। ਯੂ.ਏ.ਈ. ਲਈ ਈਸ਼ਾ ਓਝਾ ਨੇ ਚਾਰ ਓਵਰਾਂ ‘ਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਯੂ.ਏ.ਈ. ਇਸ ਟੀਚੇ ਦਾ ਪਿੱਛਾ ਕਰਨ ਲਈ ਸਾਂਝੇਦਾਰੀ ਨਹੀਂ ਬਣਾ ਸਕਿਆ। ਉਸ ਦੀ ਬੱਲੇਬਾਜ਼ੀ ਬਹੁਤ ਹੌਲੀ ਸੀ ਜਿਸ ਕਾਰਨ ਟੀਮ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 74 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਲਈ ਸਾਦੀਆ ਇਕਬਾਲ, ਐਮਨ ਅਨਵਰ, ਨਾਸ਼ਰਾ ਸੰਧੂ ਅਤੇ ਓਮੇਮਾ ਸੋਹਿਲ ਨੇ ਇਕ-ਇਕ ਵਿਕਟ ਲਈਆਂ।