ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੂਜੇ ਇਕ ਦਿਨਾਂ ਮੈਚ ’ਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਤਿੰਨਾਂ ਮੈਚਾਂ ਦੀ ਲਡ਼ੀ ’ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਜਿੱਤ ਲਈ ਸ੍ਰੀਲੰਕਾ ਵੱਲੋਂ ਮਿਲਿਆ 174 ਦੌਡ਼ਾਂ ਦਾ ਟੀਚਾ ਸਲਾਮੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਿਰਫ਼ 25.4 ਓਵਰਾਂ ’ਚ ਹੀ ਹਾਸਲ ਕਰ ਲਿਆ। ਸਮ੍ਰਿਤੀ ਮੰਧਾਨਾ ਨੇ 94 ਦੌਡ਼ਾਂ ਅਤੇ ਸ਼ੈਫਾਲੀ ਵਰਮਾ ਨੇ 71 ਦੌਡ਼ਾਂ ਦੀ ਅਜੇਤੂ ਪਾਰੀ ਖੇਡੀ। ਦੋਵਾਂ ਨੇ ਪਹਿਲੀ ਵਿਕਟ ਲਈ 174 ਦੌਡ਼ਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਸ੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਭਾਰਤੀ ਗੇਂਦਬਾਜ਼ਾਂ ਨੇ ਸ੍ਰੀਲੰਕਾ ਦੀ ਮਹਿਲਾ ਟੀਮ ਨੂੰ 50 ਓਵਰਾਂ ’ਚ 173 ਦੌਡ਼ਾਂ ’ਤੇ ਹੀ ਆਊਟ ਕਰ ਦਿੱਤਾ। ਇੰਡੀਆ ਵੱਲੋਂ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਦੀਪਤੀ ਸ਼ਰਮਾ ਤੇ ਮੇਘਨਾ ਸਿੰਘ ਨੇ 2-2 ਵਿਕਟਾਂ ਲਈਆਂ।