ਮਹਿਲਾ ਪ੍ਰੀਮੀਅਰ ਲੀਗ ਦੇ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਮੁੰਬਈ ਨੂੰ 106 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਮੁੰਬਈ ਨੇ 15ਵੇਂ ਓਵਰ ਦੀ ਆਖਰੀ ਗੇਂਦ ‘ਤੇ ਟੀਚਾ ਹਾਸਲ ਕਰ ਲਿਆ। ਇਸ ਨਾਲ ਦਿੱਲੀ ਨੂੰ ਟੂਰਨਾਮੈਂਟ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਮੁੰਬਈ ਦੀ ਅਜੇਤੂ ਮੁਹਿੰਮ ਅਜੇ ਵੀ ਜਾਰੀ ਹੈ। ਮੁੰਬਈ ਲਈ ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਨੇ 32 ਗੇਂਦਾਂ ‘ਚ 41 ਦੌੜਾਂ ਬਣਾਈਆਂ ਜਦਕਿ ਹੇਲੀ ਮੈਥਿਊਜ਼ ਨੇ 31 ਗੇਂਦਾਂ ‘ਚ 32 ਦੌੜਾਂ ਬਣਾਈਆਂ। ਇਸ ਤੋਂ ਬਾਅਦ ਨੈਟ ਸਾਇਵਰ ਬਰੰਟ ਨੇ ਅਜੇਤੂ 23 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਨਾਬਾਦ 11 ਦੌੜਾਂ ਬਣਾ ਕੇ ਮੁੰਬਈ ਨੂੰ ਆਸਾਨ ਜਿੱਤ ਦਿਵਾਈ। ਦਿੱਲੀ ਵੱਲੋਂ ਐਲਿਸ ਕੈਪਸੀ ਅਤੇ ਤਾਰਾ ਨੋਰੀ ਸਿਰਫ਼ 1-1 ਵਿਕਟ ਹੀ ਲੈ ਸਕੀਆਂ। ਇਸ ਤੋਂ ਪਹਿਲਾਂ ਦਿੱਲੀ ਦੀ ਪਾਰੀ 18ਵੇਂ ਓਵਰ ‘ਚ 105 ਦੌੜਾਂ ‘ਤੇ ਸਿਮਟ ਗਈ ਸੀ। ਦਿੱਲੀ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਟੀਮ ਨੇ 31 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ। ਸ਼ੈਫਾਲੀ ਵਰਮਾ 2, ਐਲਿਸ ਕੈਪਸ 6 ਜਦਕਿ ਮਰਿਜਨ ਕੈਪ 2 ਦੌੜਾਂ ਬਣਾ ਕੇ ਆਊਟ ਹੋ ਗਈ। ਕਪਤਾਨ ਮੇਗ ਲੈਨਿੰਗ ਨੇ ਪਾਰੀ ਨੂੰ ਸੰਭਾਲਿਆ ਅਤੇ ਜੇਮਿਮਾ ਰੌਡਰਿਗਜ਼ ਦਾ ਸਾਥ ਦਿੱਤਾ। ਲੈਨਿੰਗ ਨੇ 41 ਗੇਂਦਾਂ ‘ਤੇ 43 ਦੌੜਾਂ ਬਣਾਈਆਂ ਜਦਕਿ ਜੇਮਿਮਾ ਨੇ 18 ਗੇਂਦਾਂ ‘ਤੇ 25 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੁੰਬਈ ਦੀ ਗੇਂਦਬਾਜ਼ੀ ਦੇ ਸਾਹਮਣੇ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ ਅਤੇ ਪੂਰੀ ਟੀਮ 18ਵੇਂ ਓਵਰ ‘ਚ 105 ਦੌੜਾਂ ‘ਤੇ ਸਿਮਟ ਗਈ।