ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਵਰਲਡ ਕੱਪ ਦੇ ਪੂਲ ਬੀ ਦੇ ਆਪਣੇ ਪਹਿਲੇ ਮੈਚ ’ਚ ਇੰਗਲੈਂਡ ਨੂੰ 1-1 ਨਾਲ ਡਰਾਅ ’ਤੇ ਰੋਕ ਦਿੱਤਾ। ਇੰਗਲੈਂਡ ਨੂੰ ਨੌਂਵੇਂ ਮਿੰਟ ’ਚ ਇਸਾਬੇਲਾ ਪੇਟਰ ਨੇ ਬਡ਼੍ਹਤ ਦਿਵਾਈ ਪਰ ਵੰਦਨਾ ਕਟਾਰੀਆ ਨੇ 28ਵੇਂ ਮਿੰਟ ’ਚ ਇੰਡੀਆ ਨੂੰ ਬਰਾਬਰੀ ਦਿਵਾ ਦਿੱਤੀ। ਪਹਿਲੇ ਦੋ ਕੁਆਰਟਰ ’ਚ ਦੋਵਾਂ ਟੀਮਾਂ ਨੇ ਇਕ ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਇੰਡੀਆ ਨੂੰ ਪਹਿਲੇ ਹੀ ਮਿੰਟ ’ਚ ਪੈਨਲਟੀ ਕਾਰਨਰ ਦੇ ਰੂਪ ’ਚ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ ਪਰ ਟੀਮ ਨੇ ਇਸ ਨੂੰ ਗੁਆ ਦਿੱਤਾ। ਕੁਝ ਹੀ ਮਿੰਟਾਂ ਬਾਅਦ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਇੰਗਲੈਂਡ ਨੂੰ ਬਡ਼੍ਹਤ ਬਣਾਉਣ ਤੋਂ ਰੋਕਿਆ। ਇਸਾਬੇਲਾ ਨੇ ਇਸ ਤੋਂ ਬਾਅਦ ਗੇਂਦ ਨੂੰ ਡਿਫਲੈਕਟ ਕਰ ਕੇ ਗੋਲ ’ਚ ਪਹੁੰਚਾਇਆ ਤੇ ਇੰਗਲੈਂਡ ਨੂੰ ਬਡ਼੍ਹਤ ਦਿਵਾਈ। ਇੰਡੀਆ ਨੇ ਪਲਟਵਾਰ ਕਰਦੇ ਹੋਏ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਪਹਿਲੀ ਕੋਸ਼ਿਸ਼ ’ਚ ਗੁਰਜੀਤ ਕੌਰ ਦਾ ਸ਼ਾਟ ਗੋਲ ਪੋਸਟ ਨਾਲ ਟਕਰਾ ਗਿਆ ਜਦਕਿ ਦੂਜੀ ਕੋਸ਼ਿਸ਼ ਨੂੰ ਇੰਗਲੈਂਡ ਦੀ ਗੋਲਕੀਪਰ ਹਿੰਚ ਨੇ ਨਾਕਾਮ ਕੀਤਾ। ਇੰਡੀਆ ਨੂੰ 28ਵੇਂ ਮਿੰਟ ’ਚ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਤੇ ਇਸ ਵਾਰ ਵੰਦਨਾ ਨੇ ਰਿਬਾਊਂਡ ’ਤੇ ਗੋਲ ਕਰ ਕੇ ਸਕੋਰ 1-1 ਕਰ ਦਿੱਤਾ।