ਰੂਸ ਵੱਲੋਂ ਕੇਂਦਰੀ ਯੂਕਰੇਨੀ ਸ਼ਹਿਰ ਵਿਨਿਤਸੀਆ ’ਤੇ ਕੀਤੇ ਮਿਜ਼ਾਈਲ ਹਮਲੇ ’ਚ 21 ਵਿਅਕਤੀ ਮਾਰੇ ਗਏ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਨੇ ਹਮਲੇ ਨੂੰ ‘ਸ਼ਰੇਆਮ ਅੱਤਵਾਦੀ ਕਾਰਵਾਈ’ ਕਰਾਰ ਦਿੱਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਮਿਜ਼ਾਈਲਾਂ ਆਮ ਵਸੋਂ ਵਾਲੇ ਇਲਾਕਿਆਂ ’ਚ ਦਾਗ਼ੀਆਂ ਗਈਆਂ ਜਿਨ੍ਹਾਂ ਦਾ ਫੌਜੀ ਟਿਕਾਣਿਆਂ ਨਾਲ ਕੋਈ ਸਬੰਧ ਨਹੀਂ ਸੀ। ਯੂਕਰੇਨ ਦੀ ਕੌਮੀ ਪੁਲੀਸ ਨੇ ਕਿਹਾ ਕਿ ਤਿੰਨ ਮਿਜ਼ਾਈਲਾਂ ਦਫ਼ਤਰ ਦੀ ਇਕ ਇਮਾਰਤ ’ਤੇ ਡਿੱਗੀਆਂ ਜਿਸ ਨੇ ਵਿਨਿਤਸੀਆ ’ਚ ਨੇਡ਼ਲੀਆਂ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਵਿਨਿਤਸੀਆ ਰਾਜਧਾਨੀ ਕੀਵ ਤੋਂ ਦੱਖਣ-ਪੱਛਮ ਵੱਲ 268 ਕਿਲੋਮੀਟਰ ਦੇ ਫਾਸਲੇ ’ਤੇ ਵਸਿਆ ਸ਼ਹਿਰ ਹੈ। ਮਿਜ਼ਾਈਲ ਡਿੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਭਡ਼ਕੀ ਅੱਗ ਨੇ ਨੇਡ਼ਲੇ ਪਾਰਕਿੰਗ ’ਚ ਖਡ਼੍ਹੀਆਂ 50 ਕਾਰਾਂ ਨੂੰ ਲਪੇਟ ’ਚ ਲੈ ਲਿਆ। ਵਿਨਿਤਸੀਆ ਦੇ ਗਵਰਨਰ ਸਰੇਹੀ ਬੋਰਜ਼ੋਵ ਨੇ ਯੂਕਰੇਨੀ ਏਅਰ ਡਿਫੈਂਸ ਸਿਸਟਮ ਵੱਲੋਂ ਖੇਤਰ ’ਚ ਚਾਰ ਰੂਸੀ ਮਿਜ਼ਾਈਲਾਂ ਡੇਗਣ ਦਾ ਦਾਅਵਾ ਕੀਤਾ ਹੈ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਮਿਜ਼ਾਈਲ ਹਮਲੇ ’ਚ ਮਰਨ ਵਾਲਿਆਂ ’ਚ ਬੱਚਾ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਜ਼ੈਲੇਂਸਕੀ ਨੇ ਮੈਸੇਜਿੰਗ ਐਪ ਟੈਲੀਗ੍ਰਾਮ ’ਤੇ ਲਿਖਿਆ, ‘ਰੂਸ ਨਿੱਤ ਆਮ ਵਸੋਂ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨੀ ਬੱਚਿਆਂ ਦੀ ਹੱਤਿਆ ਕੀਤੀ ਜਾ ਰਹੀ ਹੈ। ਇਹ ਸਰ੍ਹੇਆਮ ਅੱਤਵਾਦੀ ਕਾਰਵਾਈ ਨਹੀਂ ਤਾਂ ਹੋਰ ਕੀ ਹੈ।’