ਯੂਕਰੇਨ ਦੀ ਏਅਰਲਾਈਨ ਵੱਲੋਂ ਚਲਾਇਆ ਜਾ ਰਿਹਾ ਇਕ ਕਾਰਗੋ ਐਂਟੋਨੋਵ ਜਹਾਜ਼ ਗਰੀਸ ਦੇ ਇਕ ਸ਼ਹਿਰ ਲਾਗੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਕਵਾਲਾ ਸ਼ਹਿਰ ਦੇ ਵਾਸੀਆਂ ਨੇ ਦੱਸਿਆ ਕਿ ਜਹਾਜ਼ ਦੇ ਡਿੱਗਣ ਤੋਂ ਦੋ ਘੰਟੇ ਬਾਅਦ ਤੱਕ ਧਮਾਕੇ ਹੁੰਦੇ ਰਹੇ। ਸਰਬੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਜਹਾਜ਼ ਉਨ੍ਹਾਂ ਦੇ ਮੁਲਕ ਤੋਂ 11.5 ਟਨ ਧਮਾਕਾਖ਼ੇਜ਼ ਸਮੱਗਰੀ ਲੈ ਕੇ ਬੰਗਲਾਦੇਸ਼ ਜਾ ਰਿਹਾ ਸੀ। ਇਹ ਅਸਲਾ ਬੰਗਲਾਦੇਸ਼ ਨੇ ਸਰਬੀਆ ਤੋਂ ਖ਼ਰੀਦਿਆ ਸੀ। ਜਹਾਜ਼ ਸਰਬੀਆ ਦੇ ਇਕ ਸ਼ਹਿਰ ਤੋਂ ਉੱਡਿਆ ਸੀ ਤੇ ਇਸ ਨੇ ਅਮਾਨ ’ਚ ਰੁਕ ਕੇ ਅੱਗੇ ਜਾਣਾ ਸੀ। ਵੱਖ-ਵੱਖ ਏਜੰਸੀਆਂ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਗਰੀਸ ਦੀ ਅਥਾਰਿਟੀ ਨੇ ਦੱਸਿਆ ਸੀ ਕਿ ਜਹਾਜ਼ ਸਰਬੀਆ ਤੋਂ ਜੌਰਡਨ ਜਾ ਰਿਹਾ ਸੀ। ਰੂਸ ਦੇ ਬਣੇ ਇਸ ‘ਏ.ਐੱਨ.-12’ ਜਹਾਜ਼ ਦੀ ਮਾਲਕ ਇਕ ਯੂਕਰੇਨੀ ਕੰਪਨੀ ‘ਮੈਰੀਡੀਅਨ’ ਹੈ। ਗਰੀਸ ਦੇ ਮੀਡੀਆ ਨੇ ਪਹਿਲਾਂ ਕਿਹਾ ਸੀ ਕਿ ਜਹਾਜ਼ ’ਚ 8 ਜਣੇ ਸਵਾਰ ਸਨ ਤੇ ਇਸ ’ਚ 12 ਟਨ ‘ਖ਼ਤਰਨਾਕ ਪਦਾਰਥ’ ਲਿਜਾਏ ਜਾ ਰਹੇ ਸਨ। ਗਰੀਸ ਦੀ ਨਾਗਰਿਕ ਹਵਾਬਾਜ਼ੀ ਅਥਾਰਿਟੀ ਨੇ ਕਿਹਾ ਕਿ ਪਾਇਲਟ ਨੇ ਜਹਾਜ਼ ਦੇ ਇੰਜਣ ’ਚ ਖਰਾਬੀ ਆਉਣ ਬਾਰੇ ਜਾਣੂ ਕਰਵਾ ਦਿੱਤਾ ਸੀ। ਉਨ੍ਹਾਂ ਪਾਇਲਟ ਨੂੰ ਦੋ ਹਵਾਈ ਅੱਡਿਆਂ ਉਤੇ ਲੈਂਡ ਕਰਨ ਦਾ ਬਦਲ ਦਿੱਤਾ ਸੀ। ਕਵਾਲਾ ਹਵਾਈ ਅੱਡੇ ਨੇਡ਼ੇ ਸੀ ਪਰ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਤੇ ਇਹ 40 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ।