ਯੂ.ਐੱਸ. ਊਰਜਾ ਵਿਭਾਗ ਨੇ ਆਪਣੀ ਇਕ ਰਿਪੋਰਟ ‘ਚ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਇਕ ਪ੍ਰਯੋਗਸ਼ਾਲਾ ‘ਚ ਲੀਕ ਹੋਣ ਦਾ ਨਤੀਜਾ ਹੋ ਸਕਦੀ ਹੈ। ਅਮਰੀਕਨ ਅਖ਼ਬਾਰ ਵਾਲ ਸਟਰੀਟ ਜਨਰਲ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਵ੍ਹਾਈਟ ਹਾਊਸ ਅਤੇ ਅਮਰੀਕਨ ਸੰਸਦ ਦੇ ਪ੍ਰਮੁੱਖ ਮੈਂਬਰਾਂ ਨੂੰ ਸੌਂਪੀ ਗਈ ਖੁਫੀਆ ਰਿਪੋਰਟ ‘ਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ। ਰਿਪੋਰਟ ਮੁਤਾਬਕ ਊਰਜਾ ਵਿਭਾਗ ਨੇ ਇਸ ਵਾਇਰਸ ਦੀ ਉਤਪਤੀ ਨੂੰ ਲੈ ਕੇ ਪਹਿਲਾਂ ਵੀ ਕੁਝ ਟਿੱਪਣੀਆਂ ਕੀਤੀਆਂ ਸਨ। ਹਾਲਾਂਕਿ ਹੁਣ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਸ ਦੇ ਦਫਤਰ ਦੁਆਰਾ 2021 ਦੇ ਦਸਤਾਵੇਜ਼ ਦੇ ਅਪਡੇਟ ‘ਚ ਇਹ ਨਵੀਂ ਜਾਣਕਾਰੀ ਦਿੱਤੀ ਗਈ ਹੈ। ਇਹ ਨਵੀਂ ਰਿਪੋਰਟ ਉਜਾਗਰ ਕਰਦੀ ਹੈ ਕਿ ਕਿਵੇਂ ਖੁਫੀਆ ਕਮਿਊਨਿਟੀ ਦੇ ਵੱਖ-ਵੱਖ ਹਿੱਸੇ ਮਹਾਮਾਰੀ ਦੀ ਸ਼ੁਰੂਆਤ ਬਾਰੇ ਵੱਖੋ-ਵੱਖਰੇ ਸਿੱਟਿਆਂ ‘ਤੇ ਪਹੁੰਚੇ ਹਨ। ਊਰਜਾ ਵਿਭਾਗ ਨੇ ਹੁਣ ਇਸ ਮਾਮਲੇ ‘ਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਰਾਏ ਨਾਲ ਸਹਿਮਤੀ ਜਤਾਈ ਹੈ ਕਿ ਚੀਨ ਦੀ ਪ੍ਰਯੋਗਸ਼ਾਲਾ ‘ਚ ਦੁਰਘਟਨਾ ਕਾਰਨ ਵਾਇਰਸ ਫੈਲਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਵੀ ਦੱਸਣਾ ਬਣਦਾ ਹੈ ਕਿ ਨੈਸ਼ਨਲ ਇੰਟੈਲੀਜੈਂਸ ਪੈਨਲ ਸਮੇਤ ਚਾਰ ਹੋਰ ਏਜੰਸੀਆਂ ਦਾ ਮੰਨਣਾ ਹੈ ਕਿ ਕਰੋਨਾ ਵਾਇਰਸ ਕੁਦਰਤੀ ਤੌਰ ‘ਤੇ ਪੈਦਾ ਹੋਇਆ ਹੈ, ਜਦਕਿ ਦੋ ਏਜੰਸੀਆਂ ਇਸ ਮਾਮਲੇ ‘ਚ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀਆਂ। ਰਿਪੋਰਟ ਮੁਤਾਬਕ ਊਰਜਾ ਵਿਭਾਗ ਦਾ ਇਹ ਸਿੱਟਾ ਨਵੀਂ ਖੁਫੀਆ ਜਾਣਕਾਰੀ ਦਾ ਨਤੀਜਾ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਏਜੰਸੀ ਕੋਲ ਕਾਫ਼ੀ ਵਿਗਿਆਨਕ ਮੁਹਾਰਤ ਹੈ ਅਤੇ ਯੂ.ਐੱਸ. ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦੇ ਇਕ ਨੈਟਵਰਕ ਦੀ ਨਿਗਰਾਨੀ ਕਰਦੀ ਹੈ ਜਿਨ੍ਹਾਂ ‘ਚੋਂ ਕੁਝ ਉੱਨਤ ਜੀਵ ਵਿਗਿਆਨ ਖੋਜ ਕਰਦੇ ਹਨ। ਹਾਲਾਂਕਿ ਇਸ ਗੁਪਤ ਰਿਪੋਰਟ ਨੂੰ ਪੜ੍ਹਣ ਵਾਲੇ ਲੋਕਾਂ ਮੁਤਾਬਕ ਊਰਜਾ ਵਿਭਾਗ ਨੇ ਇਸ ਦਾ ਸਿੱਟਾ ‘ਘੱਟ ਭਰੋਸੇ’ ਨਾਲ ਦਿੱਤਾ ਹੈ। ਇਸ ਦੇ ਨਾਲ ਹੀ ਐੱਫ.ਬੀ.ਆਈ. ਵੀ ਸਾਲ 2021 ਲਈ ਆਪਣੀ ਇਕ ਰਿਪੋਰਟ ‘ਚ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਕਰੋਨਾ ਮਹਾਮਾਰੀ ਇੱਕ ਲੈਬਾਰਟਰੀ ਲੀਕ ਦਾ ਨਤੀਜਾ ਸੀ।