ਕਾਰਲੋਸ ਅਲਕਾਰੇਜ਼ ਨੇ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ‘ਚ ਕੈਸਪਰ ਰੂਡ ਨੂੰ ਚਾਰ ਸੈੱਟਾਂ ‘ਚ ਹਰਾ ਕੇ 19 ਸਾਲ ਦੀ ਉਮਰ ‘ਚ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਅਤੇ ਏ.ਟੀ.ਪੀ. ਰੈਂਕਿੰਗ ‘ਚ ਸਿਖਰ ‘ਤੇ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਨੌਜਵਾਨ ਖਿਡਾਰੀ ਬਣ ਗਿਆ। ਸਪੇਨ ਦੇ ਤੀਜਾ ਦਰਜਾ ਪ੍ਰਾਪਤ ਅਲਕਾਰੇਜ਼ ਨੇ ਨਾਰਵੇ ਦੇ ਪੰਜਵਾਂ ਦਰਜਾ ਪ੍ਰਾਪਤ ਰੁਡ ਨੂੰ 6-4, 2-6, 7-6 (1), 6-3 ਨਾਲ ਹਰਾਇਆ। ਤੀਜੇ ਸੈੱਟ ‘ਚ ਅਹਿਮ ਪਲ ਉਦੋਂ ਆਇਆ ਜਦੋਂ ਅਲਕਾਰੇਜ਼ 5-6 ਨਾਲ ਹੇਠਾਂ ਚੱਲ ਰਿਹਾ ਸੀ ਅਤੇ ਰੂਡ ਦੇ ਦੋ ਸੈੱਟ ਪੁਆਇੰਟ ਸਨ। ਅਲਕਾਰੇਜ਼ ਨੇ ਨਾ ਸਿਰਫ ਦੋਵੇਂ ਸੈੱਟ ਪੁਆਇੰਟ ਬਚਾਏ ਸਗੋਂ ਟਾਈਬ੍ਰੇਕਰ ‘ਚ ਸੈੱਟ ਵੀ ਜਿੱਤ ਲਿਆ। ਅਲਕਾਰੇਜ਼ ਨੇ ਟਾਈਬ੍ਰੇਕਰ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ 2-1 ਦੀ ਬੜ੍ਹਤ ਬਣਾ ਲਈ। ਉਸ ਨੇ ਚੌਥਾ ਸੈੱਟ ਆਸਾਨੀ ਨਾਲ ਜਿੱਤ ਕੇ ਮੈਚ ਅਤੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਹ ਮੈਚ ਮੀਂਹ ਅਤੇ 26 ਡਿਗਰੀ ਸੈਲਸੀਅਸ ਤਾਪਮਾਨ ਦੇ ਵਿਚਕਾਰ ਆਰਥਰ ਐਸ਼ੇ ਸਟੇਡੀਅਮ ਦੀ ਛੱਤ ਨੂੰ ਬੰਦ ਕਰਕੇ ਇਹ ਖੇਡਿਆ ਗਿਆ। ਅਲਕਾਰੇਜ਼ 1973 ‘ਚ ਕੰਪਿਊਟਰਾਈਜ਼ਡ ਏ.ਟੀ.ਪੀ. ਰੈਂਕਿੰਗ ਦੀ ਸ਼ੁਰੂਆਤ ਤੋਂ ਬਾਅਦ ਨੰਬਰ ਇਕ ਰੈਂਕਿੰਗ ਤੱਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਨੌਜਵਾਨ ਖਿਡਾਰੀ ਬਣ ਗਿਆ, ਉਸ ਦੀ ਉਮਰ ਸਿਰਫ਼ 19 ਸਾਲ ਅਤੇ 4 ਮਹੀਨੇ ਸੀ। ਪੀਟ ਸੈਂਪਰਾਸ ਨੇ 1990 ‘ਚ 19 ਸਾਲ ਦੀ ਉਮਰ ‘ਚ ਖਿਤਾਬ ਜਿੱਤਣ ਤੋਂ ਬਾਅਦ ਉਹ ਯੂ.ਐਸ. ਓਪਨ ‘ਚ ਸਭ ਤੋਂ ਘੱਟ ਉਮਰ ਦਾ ਪੁਰਸ਼ ਚੈਂਪੀਅਨ ਵੀ ਹੈ। ਰੂਡ ਜੂਨ ‘ਚ ਫ੍ਰੈਂਚ ਓਪਨ ‘ਚ ਵੀ ਉਪ ਜੇਤੂ ਰਿਹਾ ਸੀ ਕਿਉਂਕਿ ਉਹ ਰਾਫੇਲ ਨਡਾਲ ਤੋਂ ਫਾਈਨਲ ‘ਚ ਹਾਰ ਗਿਆ ਸੀ।