ਨੈਸ਼ਨਲ ਇਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਥਾਣਾ ਸਰਹਾਲੀ ਦੀ ਇਮਾਰਤ ‘ਤੇ ਕੀਤੇ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰ.ਪੀ.ਜੀ.) ਹਮਲੇ ਦੀ ਜਾਂਚ ਆਰੰਭ ਦਿੱਤੀ ਹੈ। ਹਮਲੇ ਤੋਂ ਮਗਰੋਂ ਕੌਮੀ ਜਾਂਚ ਏਜੰਸੀ ਦੀ ਟੀਮ ਨੇ ਹਮਲੇ ਵਾਲੀ ਥਾਂ ਦਾ ਮੁਆਇਨਾ ਕੀਤਾ। ਐੱਨ.ਆਈ.ਏ. ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਤੱਥ ਤੇ ਹੋਰ ਨਮੂਨੇ ਇਕੱਤਰ ਕੀਤੇ। ਐੱਨ.ਆਈ.ਏ. ਟੀਮ ਨੇ ਪੁਲੀਸ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਹੈ। ਉਧਰ ਪੰਜਾਬ ਪੁਲੀਸ ਦੇ ਬੰਬ ਨਿਰੋਧਕ ਦਸਤੇ ਨੇ ਰਾਕੇਟ ਗ੍ਰਨੇਡ ਨੂੰ ਹਰੀਕੇ ਪੱਤਣ ਨੇੜੇ ਬਿਆਸ ਦਰਿਆ ਕੋਲ ਲਿਜਾ ਕੇ ਨਸ਼ਟ ਕਰ ਦਿੱਤਾ। ਗ੍ਰਨੇਡ ਹਮਲੇ ਖ਼ਿਲਾਫ਼ ਸਰਹਾਲੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 307 ਫੌਜਦਾਰੀ ਅਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪੁੱਛ-ਪੜਤਾਲ ਲਈ ਸੱਤ ਮਸ਼ਕੂਕਾਂ ਨੂੰ ਹਿਰਾਸਤ ‘ਚ ਲਿਆ ਹੈ। ਪੁਲੀਸ ਨੇ ਕੈਨੇਡਾ ਤੋਂ ਸਰਗਰਮੀਆਂ ਚਲਾ ਰਹੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਹਰੀਕੇ ਸਥਿਤ ਘਰ ਤੋਂ ਇਲਾਵਾ ਉਸ ਦੇ ਕੁਝ ਹੋਰਨਾਂ ਸ਼ੱਕੀ ਸਾਥੀਆਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਹੈ। ਛਾਪੇ ਮੌਕੇ ਲੰਡਾ ਦੇ ਘਰ ‘ਚ ਉਸ ਦੇ ਬਿਰਧ ਮਾਤਾ-ਪਿਤਾ ਤੋਂ ਇਲਾਵਾ ਪਰਿਵਾਰ ਦੀ ਸੇਵਾਦਾਰ ਮੌਜੂਦ ਸੀ। ਪੁਲੀਸ ਨੇ ਗੋਇੰਦਵਾਲ ਸਾਹਿਬ ਜੇਲ੍ਹ ‘ਚ ਬੰਦ ਖਤਰਨਾਕ ਗੈਗਸਟਰਾਂ ਨੂੰ ਵੀ ਜਾਂਚ ਦੇ ਘੇਰੇ ‘ਚ ਸ਼ਾਮਲ ਕੀਤਾ ਹੈ। ਜਾਣਕਾਰੀ ਅਨੁਸਾਰ ਤਰਨ ਤਾਰਨ ਪੁੱਜੀ ਐੱਨ.ਆਈ.ਏ. ਟੀਮ ਮੌਕੇ ਤੋਂ ਨਮੂਨੇ ਇਕੱਤਰ ਕਰਨ ਮਗਰੋਂ ਵਾਪਸ ਚਲੀ ਗਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਪੁਲੀਸ ਵਲੋਂ ਹੀ ਕੀਤੀ ਜਾ ਰਹੀ ਹੈ। ਪੁਲੀਸ ਨੇ ਕੌਮੀ ਸ਼ਾਹਰਾਹ ‘ਤੇ ਪੈਂਦੇ ਢਾਬਿਆਂ ਆਦਿ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਇਨ੍ਹਾਂ ਦੀ ਘੋਖ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲੀਸ ਵਲੋਂ ਥਾਣਿਆਂ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਸ਼ਾਹਰਾਹਾਂ ‘ਤੇ ਲਗਾਏ ਸੀ.ਸੀ.ਟੀ.ਵੀ. ਕੈਮਰੇ ਬੀਤੇ ਕਈ ਚਿਰਾਂ ਤੋਂ ਬੰਦ ਹਨ। ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਚੌਹਾਨ ਸਮੇਤ ਹੋਰਨਾਂ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਚੁੱਪ ਵਟੀ ਹੋਈ ਹੈ।