ਪੰਜਾਬੀ ਮੂਲ ਦੇ ਕੈਨੇਡੀਅਨ ਵੱਖ-ਵੱਖ ਖੇਤਰਾਂ ‘ਚ ਰਿਕਾਰਡ ਬਣਾਉਣ ਅਤੇ ਝੰਡੇ ਗੱਡਣ ਲਈ ਮਸ਼ਹੂਰ ਹੋਏ ਪਰ ਪਿਛਲੇ ਕੁਝ ਸਮੇਂ ਤੋਂ ਡਰੱਗ ਤੋਂ ਲੈ ਕੇ ਹੋਰ ਕ੍ਰਾਈਮ ‘ਚ ਵੀ ਪੰਜਾਬੀ ਮੋਹਰੀ ਬਣ ਕੇ ਉੱਭਰ ਰਹੇ ਹਨ। ਹੁਣ ਰਿਕਾਰਡ ਗਿਣਤੀ ‘ਚ ਕਾਰਾਂ ਚੋਰੀ ਕਰਨ ਦੇ ਮਾਮਲੇ ‘ਚ ਵੀ ਪੰਜਾਬੀਆਂ ਨੇ ‘ਝੰਡੇ ਗੱਡੇ’ ਹਨ। ਟੋਰਾਂਟੋ ਪੁਲੀਸ ਨੇ ਸ਼ਹਿਰ ਦੇ ਪੱਛਮ ‘ਚ ਆਟੋ ਵਹੀਕਲ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ‘ਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਹਨ ਅਤੇ 119 ਲੋਕਾਂ ‘ਤੇ ਦੋਸ਼ ਲਗਾਏ ਗਏ ਹਨ। ਪ੍ਰੈੱਸ ਕਾਨਫਰੰਸ ‘ਚ ਟੋਰਾਂਟੋ ਦੇ ਪੁਲੀਸ ਮੁਖੀ ਮਾਈਰਨ ਡੇਮਕੀਵ ਨੇ ਕਿਹਾ ਕਿ ਫੋਰਸ ਨੇ ਸ਼ਹਿਰ ‘ਚ ਵਾਹਨ ਚੋਰੀ ਦੇ ਵਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਨਵੰਬਰ 2022 ‘ਚ ਪ੍ਰੋਜੈਕਟ ਸਟੈਲੀਅਨ ਦੀ ਸ਼ੁਰੂਆਤ ਕੀਤੀ ਸੀ। ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ 119 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ 314 ਅਪਰਾਧਿਕ ਦੋਸ਼ ਲਗਾਏ ਗਏ ਹਨ। ਉਥੇ ਹੀ ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਚ ਵੱਡੀ ਗਿਣਤੀ ‘ਚ ਪੰਜਾਬੀ ਵੀ ਸ਼ਾਮਲ ਹਨ। ਡੈਮਕੀਵ ਦੇ ਅਨੁਸਾਰ ਪ੍ਰੋਜੈਕਟ ਸਟੈਲੀਅਨ ਅਜੇ ਵੀ ਜਾਰੀ ਹੈ। ਪ੍ਰੋਜੈਕਟ ਸਟੈਲੀਅਨ ਵਜੋਂ ਜਾਣੀ ਜਾਂਦੀ ਜਾਂਚ ਮੁੱਖ ਤੌਰ ‘ਤੇ 22 ਅਤੇ 23 ਡਿਵੀਜ਼ਨ ‘ਚ ਸਥਿਤ ਈਟੋਬੀਕੋ ਇਲਾਕੇ ‘ਤੇ ਕੇਂਦਰਿਤ ਸੀ। ਉਥੇ ਹੀ ਟੋਰਾਂਟੋ ਪੁਲੀਸ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਂਵਾਂ ਅਤੇ ਉਨ੍ਹਾਂ ‘ਤੇ ਲਗਾਏ ਗਏ ਦੋਸ਼ਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਟੋਰਾਂਟੋ ਪੁਲੀਸ ਦੇ ਅਧਿਕਾਰੀ ਰੌਨ ਟੈਵਰਨਰ ਨੇ ਕਿਹਾ ਕਿ 11 ਅਪ੍ਰੈਲ ਤੱਕ 27 ਮਿਲੀਅਨ ਡਾਲਰ ਤੋਂ ਵੱਧ ਦੇ 556 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਹਨ। ਸ਼ੱਕੀ ਜ਼ਿਆਦਾਤਰ ਜੀ.ਟੀ.ਏ. ਵਿੱਚ ਰਹਿੰਦੇ ਹਨ, ਹਾਲਾਂਕਿ ਉਨ੍ਹਾਂ ਵਿੱਚੋਂ ਇਕ ਦਰਜਨ ਤੋਂ ਵੱਧ ਕਿਊਬਿਕ ਦੇ ਹਨ। ਕਈ ਸ਼ੱਕੀ ਨੌਜਵਾਨ ਅਪਰਾਧੀ ਵੀ ਹਨ। ਟੈਵਰਨਰ ਨੇ ਕਿਹਾ ਕਿ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੁਝ ਲੋਕ ਆਪਣੇ ਦਮ ‘ਤੇ ਕੰਮ ਕਰ ਰਹੇ ਸਨ, ਜਦੋਂਕਿ ਜ਼ਿਆਦਾਤਰ ਸੰਗਠਿਤ ਸੈੱਲਾਂ ਦਾ ਹਿੱਸਾ ਸਨ ਜੋ ਜੀ.ਟੀ.ਏ. ਵਿੱਚ ਆਟੋ ਚੋਰੀ ‘ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਸਾਰੇ ਵਾਹਨ ਜੀ.ਟੀ.ਏ. ‘ਚ ਪਾਏ ਗਏ ਸਨ, ਹਾਲਾਂਕਿ ਉਨ੍ਹਾਂ ‘ਚੋਂ ਲਗਭਗ 30 ਪੋਰਟ ਆਫ ਮਾਂਟਰੀਅਲ ਲਈ ਜਾਣ ਵਾਲੇ ਸ਼ਿਪਿੰਗ ਕੰਟੇਨਰਾਂ ‘ਚ ਸਨ। ਪੁਲੌਸ ਨੇ ਕਿਹਾ ਕਿਹਾ ਕਿ ਚੋਰ ਵਾਹਨਾਂ ਨੂੰ ਚੋਰੀ ਕਰਨ ਲਈ ਬਹੁਤ ਹੀ ਆਧੁਨਿਕ ਢੰਗਾਂ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਵਾਹਨਾਂ ਦੀ ਵਰਤੋਂ ਹੋਰ ਜੁਰਮਾਂ ਨੂੰ ਅੰਜਾਮ ਦੇਣ ਜਾਂ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਕਰ ਰਹੇ ਹਨ, ਜਿੱਥੇ ਉਨ੍ਹਾਂ ਨੂੰ ਕੀਮਤ ਤੋਂ ਵੱਧ ਕੀਮਤ ‘ਤੇ ਦੁਬਾਰਾ ਵੇਚਿਆ ਜਾਂਦਾ ਹੈ। ਹਾਲਾਂਕਿ ਦੇਸ਼ ਤੋਂ ਬਾਹਰ ਕੋਈ ਵੀ ਕਾਰਾਂ ਬਰਾਮਦ ਨਹੀਂ ਕੀਤੀਆਂ ਗਈਆਂ, ਲਗਭਗ ਸਾਰੀਆਂ ਟੋਰਾਂਟੋ ਜਾਂ ਜੀ.ਟੀ.ਏ. ‘ਚ ਬਰਾਮਦ ਕੀਤੀਆਂ ਗਈਆਂ ਸਨ।