ਪੰਜਾਬ ਕਿੰਗਜ਼ ਅਤੇ ਕਲਕੱਤਾ ਨਾਈਟ ਰਾਈਡਰਜ਼ ਵਿਚਕਾਰ ਖੇਡੇ ਗਏ ਆਈ.ਪੀ.ਐੱਲ. ਮੈਚ ‘ਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਰੋਮਾਂਚਕ ਮੁਕਾਬਲੇ ‘ਚ ਰਿੰਕੂ ਸਿੰਘ ਨੇ ਅਖ਼ੀਰਲੀ ਗੇਂਦ ‘ਤੇ ਚੌਕਾ ਮਾਰ ਕੇ ਜਿੱਤ ਕਲਕੱਤਾ ਦੀ ਝੋਲੀ ‘ਚ ਪਾਈ। ਪੰਜਾਬ ਨੇ ਕਲਕੱਤਾ ਨੂੰ 180 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਕਲਕੱਤਾ ਨੇ 5 ਵਿਕਟਾਂ ਹੱਥ ‘ਚ ਰੱਖਦਿਆਂ ਹਾਸਲ ਕਰ ਲਿਆ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਕਪਤਾਨ ਸ਼ਿਖਰ ਧਵਨ ਦੇ ਅਰਧ ਸੈਂਕੜੇ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਅਖ਼ੀਰ ‘ਚ ਸ਼ਾਹਰੁਖ ਖ਼ਾਨ ਤੇ ਹਰਪ੍ਰੀਤ ਬਰਾੜ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਪੰਜਾਬ ਕਿੰਗਜ਼ ਨੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ। ਵਰੁਣ ਚੱਕਰਵਰਤੀ ਨੇ 4 ਓਵਰਾਂ ‘ਚ 26 ਦੌੜਾਂ ਦੇ ਕੇ 3 ਵਿਕਟਾਂ ਅਤੇ ਹਰਸ਼ਿਤ ਰਾਣਾ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ। 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕਲਕੱਤਾ ਦੀ ਟੀਮ ਨੂੰ ਜੇਸਨ ਰਾਏ ਅਤੇ ਗੁਰਬਾਜ਼ ਨੇ ਚੰਗੀ ਸ਼ੁਰੂਆਤ ਦੁਆਈ। ਉਸ ਤੋਂ ਬਾਅਦ ਕਪਤਾਨ ਨਿਤੀਸ਼ ਰਾਣਾ ਨੇ ਅਰਧ ਸੈਂਕੜੇ ਨਾਲ ਟੀਮ ਨੂੰ ਜਿੱਤ ਦੇ ਹੋਰ ਨੇੜੇ ਪਹੁੰਚਾਇਆ। ਅਖੀਰ ‘ਚ ਆਂਦਰੇ ਰਸਲ ਅਤੇ ਰਿੰਕੂ ਸਿੰਘ ਨੇ ਤੂਫ਼ਾਨੀ ਪਾਰੀਆਂ ਖੇਡੀਆਂ। ਹਾਲਾਂਕਿ ਜਦੋਂ ਦੋਵੇਂ ਬੱਲੇਬਾਜ਼ ਦੌੜਾਂ ਦੀ ਹਨੇਰੀ ਲਿਆ ਰਹੇ ਸਨ, ਉਸ ਵੇਲੇ ਅਰਸ਼ਦੀਪ ਸਿੰਘ ਨੇ ਅਖ਼ੀਰਲੀ ਗੇਂਦ ਤਕ ਟੀਮ ਦੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਅਖ਼ੀਰਲੇ ਓਵਰ ‘ਚ 6 ਗੇਂਦਾਂ ‘ਚ ਮਹਿਜ਼ 6 ਦੌੜਾਂ ਚਾਹੀਦੀਆਂ ਸਨ। ਇਸ ਦੇ ਬਾਵਜੂਦ ਅਰਸ਼ਦੀਪ ਸਿੰਘ ਨੇ ਆਂਦਰੇ ਰਸਲ ਨੂੰ ਰਨ ਆਊਟ ਕੀਤਾ ਤੇ ਮੁਕਾਬਲੇ ਨੂੰ ਅਖ਼ੀਰਲੀ ਗੇਂਦ ਤਕ ਲੈ ਕੇ ਗਿਆ। ਕਲਕੱਤਾ ਨੂੰ ਅਖ਼ੀਰਲੀ ਗੇਂਦ ‘ਤੇ 2 ਦੌੜਾਂ ਦੀ ਲੋੜ ਸੀ ਜਿਸ ‘ਤੇ ਰਿੰਕੂ ਸਿੰਘ ਨੇ 4 ਚੌਕਾ ਜੜ ਦਿੱਤਾ।