ਅਮਰੀਕਨ ਕਾਂਗਰਸ ਮੈਂਬਰ ਰਿਚ ਮੈਕਕੋਰਮਿਕ ਨੇ ਸਦਨ ਨੂੰ ਦੱਸਿਆ ਕਿ ਭਾਰਤੀ-ਅਮਰੀਕਨ ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫੀਸਦੀ ਬਣਦੇ ਹਨ ਪਰ ਉਹ ਲਗਭਗ ਛੇ ਫੀਸਦੀ ਟੈਕਸ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਸਲੀ ਭਾਈਚਾਰਾ ਸਮੱਸਿਆਵਾਂ ਪੈਦਾ ਨਹੀਂ ਕਰਦਾ ਸਗੋਂ ਕਾਨੂੰਨਾਂ ਦੀ ਪਾਲਣਾ ਕਰਦਾ ਹੈ। 54 ਸਾਲਾ ਰਿਚ ਮੈਕਕਾਰਮਿਕ ਨੇ ਅਮਰੀਕਨ ਪ੍ਰਤੀਨਿਧੀ ਸਭਾ ਨੂੰ ਆਪਣੇ ਪਹਿਲੇ ਅਤੇ ਸੰਖੇਪ ਸੰਬੋਧਨ ‘ਚ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ‘ਚ ਪੰਜ ਵਿੱਚੋਂ ਇਕ ਡਾਕਟਰ ਇੰਡੀਆ ਤੋਂ ਹੈ। ਉਨ੍ਹਾਂ ਨੇ ਭਾਰਤੀ-ਅਮਰੀਕਨਾਂ ਨੂੰ ਮਹਾਨ ਦੇਸ਼ ਭਗਤ, ਨੇਕ ਨਾਗਰਿਕ ਅਤੇ ਚੰਗੇ ਦੋਸਤ ਦੱਸਿਆ। ਉਨ੍ਹਾਂ ਕਿਹਾ, ‘ਉਹ ਅਮਰੀਕਨ ਸਮਾਜ ਦਾ ਲਗਭਗ ਇਕ ਪ੍ਰਤੀਸ਼ਤ ਹਨ, ਪਰ ਉਹ ਲਗਭਗ ਛੇ ਪ੍ਰਤੀਸ਼ਤ ਟੈਕਸ ਅਦਾ ਕਰਦੇ ਹਨ। ਉਹ ਸਮੱਸਿਆਵਾਂ ਨਹੀਂ ਪੈਦਾ ਕਰਦੇ। ਉਹ ਕਾਨੂੰਨ ਦੀ ਪਾਲਣਾ ਕਰਦੇ ਹਨ।’ ਜਾਰਜੀਆ ‘ਚ ਵੱਡੀ ਗਿਣਤੀ ‘ਚ ਭਾਰਤੀ-ਅਮਰੀਕਨ ਆਬਾਦੀ ਹੈ। ਉਨ੍ਹਾਂ ਕਿਹਾ, ‘ਮੈਂ ਇਸ ਮੌਕੇ ਆਪਣੇ ਹਲਕੇ ਦੇ ਵੋਟਰਾਂ, ਖਾਸ ਤੌਰ ‘ਤੇ ਇੰਡੀਆ ਤੋਂ ਆ ਕੇ ਵਸੇ ਵੋਟਰਾਂ ਦੀ ਸ਼ਲਾਘਾ ਕਰਨ ਲਈ ਆਇਆ ਹਾਂ। ਸਾਡੇ ਕੋਲ ਲਗਭਗ 1,00,000 ਲੋਕਾਂ ਦਾ ਇਕ ਵੱਡਾ ਭਾਈਚਾਰਾ ਹੈ ਜੋ ਸਿੱਧੇ ਇੰਡੀਆ ਤੋਂ ਪਰਵਾਸ ਕਰ ਗਏ ਹਨ।’ ਪੇਸ਼ੇ ਤੋਂ ਇਕ ਡਾਕਟਰ ਮੈਕਕੋਰਮਿਕ ਨੇ ਕਿਹਾ, ‘ਮੇਰੇ ਭਾਈਚਾਰੇ ‘ਚ ਹਰ ਪੰਜ ਡਾਕਟਰਾਂ ਵਿੱਚੋਂ ਇਕ ਇੰਡੀਆ ਤੋਂ ਹੈ। ਉਹ ਅਮਰੀਕਾ ‘ਚ ਸਾਡੇ ਕੋਲ ਮੌਜੂਦ ਕੁਝ ਉੱਤਮ ਨਾਗਰਿਕਾਂ ਦੀ ਨੁਮਾਇੰਦਗੀ ਕਰਦੇ ਹਨ, ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਈਏ ਜੋ ਇਥੇ ਕਾਨੂੰਨ ਦੀ ਪਾਲਣਾ ਕਰਨ, ਆਪਣੇ ਟੈਕਸਾਂ ਦਾ ਭੁਗਤਾਨ ਕਰਨ ਅਤੇ ਸਮਾਜ ‘ਚ ਉਸਾਰੂ ਭੂਮਿਕਾ ਨਿਭਾਉਣ ਦੇ ਇਛੁੱਕ ਹਨ।