ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਲੋਂ ਪਾਰਟੀ ਵਰਕਰਾਂ ਦੀ ਅਣਦੇਖੀ ਕਰਨ ਅਤੇ ਕਾਂਗਰਸ ਦੇ ਹਰ ਵਿਅਕਤੀ ਦੇ ਮੁੱਖ ਮੰਤਰੀ ਦੀ ਦੌੜ ‘ਚ ਸ਼ਾਮਲ ਹੋਣ ਕਾਰਨ ਜਦੋਂ ਪਾਰਟੀ ਦੇ ਹਾਲਾਤ ਜ਼ਾਬਤੇ ਤੋਂ ਬਾਹਰ ਹੋ ਗਏ ਤਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਇਕ ਜ਼ਾਬਤੇ ‘ਚ ਬੰਨ੍ਹੀ ਜਾਵੇ ਤਾਂ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਨੂੰ ਹਰਾ ਨਹੀਂ ਸਕਦੀ। ਉਹ ਇਥੋਂ ਦੇ ਇਕ ਪੈਲੇਸ ‘ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਤਾਜਪੋਸ਼ੀ ਲਈ ਕਰਵਾਏ ਸਮਾਗਮ ‘ਚ ਪੁੱਜੇ। ਇਸ ਮੌਕੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਵਿਜੈਇੰਦਰ ਸਿੰਗਲਾ, ਸੁਰਿੰਦਰਪਾਲ ਸਿੰਘ ਸਿਬੀਆ ਤੇ ਰਾਹੁਲਇੰਦਰ ਭੱਠਲ ਆਦਿ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਢੇ ਚਾਰ ਸਾਲ ‘ਚ ਇਕ ਵਾਰ ਵੀ ਚੈੱਕ ਨਹੀਂ ਕੀਤਾ ਕਿ ਪੰਜਾਬ ਦਾ ਮੁੱਖ ਮੰਤਰੀ ਅਤੇ ਵਜ਼ੀਰ ਕੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਰਾਜਾ ਵੜਿੰਗ ਬਠਿੰਡਾ ‘ਚ ਕਾਂਗਰਸ ਦੇ ਨਵਨਿਯੁਕਤ ਪ੍ਰਧਾਨਾਂ ਰਾਜਨ ਗਰਗ ਤੇ ਖੁਸ਼ਬਾਜ਼ ਸਿੰਘ ਜਟਾਣਾ ਦੀ ਤਾਜਪੋਸ਼ੀ ਮੌਕੇ ਰੱਖੇ ਸਮਾਗਮ ‘ਚ ਪੁੱਜੇ। ਉਨ੍ਹਾਂ ਅਸਿੱਧੇ ਢੰਗ ਨਾਲ ਸਾਬਕਾ ਵਿੱਤ ਮੰਤਰੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਕਈ ਫ਼ੇਲ੍ਹ ਹੋ ਚੁੱਕੇ ਬੰਦਿਆਂ ਨੂੰ ਤਾਕਤਾਂ ਬਖ਼ਸ਼ੀਆਂ ਪਰ ਹੁਣ ਉਨ੍ਹਾਂ ਨੂੰ ਵੀ ਪਾਰਟੀ ਲਈ ਖੜ੍ਹਨਾ ਚਾਹੀਦਾ ਹੈ। ਗੌਰਤਲਬ ਹੈ ਕਿ ਸਮਾਗਮ ‘ਚ ਮਨਪ੍ਰੀਤ ਬਾਦਲ ਧੜਾ ਪੂਰੀ ਤਰ੍ਹਾਂ ਗਾਇਬ ਸੀ ਅਤੇ ਮੇਅਰ ਸਣੇ ਕਈ ਕੌਂਸਲਰਾਂ ਨੇ ਤਾਜਪੋਸ਼ੀ ਸਮਾਗਮ ਤੋਂ ਦੂਰੀ ਬਣਾਈ। ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਨਅਤਕਾਰਾਂ ਨਾਲ ਮੀਟਿੰਗਾਂ ਕਰਨ ਤੋਂ ਪਹਿਲਾਂ ਪੰਜਾਬ ਦੇ ਉਨ੍ਹਾਂ ਸਨਅਤਕਾਰਾਂ ਦੀ ਸੁੱਧ ਲੈਂਦੇ ਜੋ ਪੰਜਾਬ ਛੱਡ ਕੇ ਉਤਰ ਪ੍ਰਦੇਸ਼ ‘ਚ ਸਨਅਤਾਂ ਲਾ ਰਹੇ ਹਨ। ਜਦੋਂ ਮੁੱਖ ਮੰਤਰੀ ਮਾਨ ਦੱਖਣੀ ਸੂਬਿਆਂ ਦੇ ਸਨਅਤਕਾਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਪੰਜਾਬ ਦੇ ਮੌਜੂਦਾ ਉਦਯੋਗਪਤੀ ਅਤੇ ਵਪਾਰਕ ਘਰਾਣੇ ਉਤਰ ਪ੍ਰਦੇਸ਼ ਨੂੰ ਭੱਜ ਰਹੇ ਸਨ। ਬਾਜਵਾ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਪੰਜਾਬ ਦੇ ਕੁਝ ਪ੍ਰਮੁੱਖ ਉਦਯੋਗਪਤੀਆਂ ਨੇ ਹਾਲ ਹੀ ‘ਚ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਯੂ.ਪੀ. ‘ਚ 2.30 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਹੈ।