ਕ੍ਰਿਸਟੀਆਨੋ ਰੋਨਾਲਡੋ ਆਖਰਕਾਰ ਇੰਗਲਿਸ਼ ਪ੍ਰੀਮੀਅਰ ਲੀਗ ਦੇ ਇਸ ਸੀਜ਼ਨ ‘ਚ ਆਪਣਾ ਪਹਿਲਾ ਗੋਲ ਕਰਨ ‘ਚ ਕਾਮਯਾਬ ਰਿਹਾ, ਜੋ ਕਲੱਬ ਫੁੱਟਬਾਲ ‘ਚ ਉਸਦਾ 700ਵਾਂ ਗੋਲ ਹੈ। ਪੁਰਤਗਾਲ ਦੇ ਇਸ ਸਟਾਰ ਸਟ੍ਰਾਈਕਰ ਦੇ ਗੋਲ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਐਵਰਟਨ ਨੂੰ 2-1 ਨਾਲ ਹਰਾਇਆ। ਰੋਨਾਲਡੋ ਖੇਡ ਦੇ 29ਵੇਂ ਮਿੰਟ ‘ਚ ਜ਼ਖਮੀ ਐਂਥਨੀ ਮਾਰਸ਼ਲ ਦੇ ਬਦਲ ਵਜੋਂ ਮੈਦਾਨ ‘ਤੇ ਉਤਾਰਿਆ ਅਤੇ 15 ਮਿੰਟ ਬਾਅਦ ਗੋਲ ਕਰ ਦਿੱਤਾ। ਮਾਨਚੈਸਟਰ ਯੂਨਾਈਟਿਡ ਲਈ ਇਹ ਉਸਦਾ 144ਵਾਂ ਗੋਲ ਸੀ। ਉਸ ਨੇ ਰੀਅਲ ਮੈਡਰਿਡ ਲਈ 450 ਗੋਲ ਕੀਤੇ ਹਨ ਜਦੋਂ ਕਿ ਉਸ ਨੇ ਜੁਵੇਂਟਸ ਲਈ ਖੇਡਦੇ ਹੋਏ 101 ਗੋਲ ਕੀਤੇ ਹਨ। ਰੋਨਾਲਡੋ ਨੇ ਸਪੋਰਟਿੰਗ ਲਈ ਪੰਜ ਗੋਲ ਵੀ ਕੀਤੇ ਹਨ। ਯੂਰੋਪਾ ਲੀਗ ਦੀ ਤਰ੍ਹਾਂ ਇਸ ਮੈਚ ‘ਚ ਵੀ ਯੂਨਾਈਟਿਡ ਨੇ ਵਾਪਸੀ ਕੀਤੀ। ਐਲੇਕਸ ਇਵੋਬੀ ਨੇ ਪੰਜਵੇਂ ਮਿੰਟ ‘ਚ ਏਵਰਟਨ ਨੂੰ ਬੜ੍ਹਤ ਦਿਵਾਈ। ਯੂਨਾਈਟਿਡ ਲਈ ਐਂਟਨੀ ਨੇ 15ਵੇਂ ਮਿੰਟ ‘ਚ ਗੋਲ ਕੀਤਾ। ਇੱਕ ਹੋਰ ਮੈਚ ‘ਚ ਆਰਸਨਲ ਨੇ ਲਿਵਰਪੂਲ ਨੂੰ 3-2 ਨਾਲ ਹਰਾਇਆ। ਬੁਕਾਯੋ ਸਾਕੋ ਨੇ 76ਵੇਂ ਮਿੰਟ ‘ਚ ਪੈਨਲਟੀ ਨੂੰ ਗੋਲ ‘ਚ ਬਦਲ ਕੇ ਆਰਸਨਲ ਨੂੰ ਅਹਿਮ ਜਿੱਤ ਦਿਵਾਈ। ਇਸ ਦੌਰਾਨ, ਗਿਆਨਲੁਕਾ ਸਕੈਮਕਾ ਨੇ ਵੈਸਟ ਹੈਮ ਲਈ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਇਤਾਲਵੀ ਸਟ੍ਰਾਈਕਰ ਨੇ ਤੀਜੇ ਮੈਚ ‘ਚ ਵੀ ਗੋਲ ਕੀਤਾ ਕਿਉਂਕਿ ਵੈਸਟ ਹੈਮ ਨੇ ਫੁਲਹੈਮ ਨੂੰ 3-1 ਨਾਲ ਹਰਾਇਆ। ਇੱਕ ਹੋਰ ਮੈਚ ‘ਚ ਕ੍ਰਿਸਟਲ ਪੈਲੇਸ ਨੇ ਲੀਡਜ਼ ਨੂੰ 2-1 ਨਾਲ ਹਰਾਇਆ।