ਰਾਨਿਲ ਵਿਕਰਮਸਿੰਘੇ ਨੂੰ ਸੰਸਦ ਨੇ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ’ਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਸਵੇਰੇ ਦਸ ਵਜੇ ਵੋਟਿੰਗ ਸ਼ੁਰੂ ਹੋਈ। ਰਾਸ਼ਟਰਪਤੀ ਅਹੁਦੇ ਲਈ ਮੁਕਾਬਲਾ ਤਿੰਨ ਉਮੀਦਵਾਰਾਂ ਵਿਚਕਾਰ ਸੀ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗੁਪਤ ਮਤਦਾਨ ਰਾਹੀਂ ਰਾਸ਼ਟਰਪਤੀ ਦੀ ਚੋਣ ਕੀਤੀ ਗਈ। ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ, ਡਲਾਸ ਅਲਹਾਪੇਰੂਮਾ ਅਤੇ ਖੱਬੇ ਪੱਖੀ ਜਨਤਾ ਵਿਮੁਕਤੀ ਪੇਰਾਮੁਨਾ ਦੇ ਨੇਤਾ ਅਨੁਰਾ ਕੁਮਾਰਾ ਦਿਸਾਨਾਯਕੇ ਵਿਚਾਲੇ ਮੁਕਾਬਲਾ ਸੀ। 225 ਮੈਂਬਰੀ ਸੰਸਦ ’ਚ ਛੇ ਵਾਰ ਦੇ ਪ੍ਰਧਾਨ ਮੰਤਰੀ ਰਹੇ 73 ਸਾਲਾ ਰਾਨਿਲ ਨੂੰ 134 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਅਲਾਹਾਪੇਰੂਮਾ ਨੂੰ 82 ਵੋਟਾਂ ਮਿਲੀਆਂ। ਖੱਬੇ ਪੱਖੀ ਦਿਸਨਾਯਕੇ ਨੂੰ ਸਿਰਫ਼ 3 ਵੋਟਾਂ ਪਈਆਂ। ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਨਾਲ ਨਜਿੱਠਣ ’ਚ ਸਰਕਾਰ ਦੀ ਅਸਫਲਤਾ ਤੋਂ ਬਾਅਦ ਲੋਕ ਸਡ਼ਕਾਂ ’ਤੇ ਉੱਤਰ ਆਏ ਸਨ ਅਤੇ ਰਾਜਨੀਤਿਕ ਉਥਲ-ਪੁਥਲ ਅਤੇ ਦੇਸ਼ ’ਚ ਹਫਡ਼ਾ-ਦਫਡ਼ੀ ਦੇ ਮਾਹੌਲ ਦੇ ਵਿਚਕਾਰ ਗੋਟਾਬਾਯਾ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।