ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਵਿਖੇ ਨਾਈਜ਼ੀਰੀਅਨ ਮੂਲ ਦਾ ਰੈਪਰ ਟਿਓਨ ਵੇਨ ਪੁੱਜੇ। ਇਸ ਸਮੇਂ ਜਿੱਥੇ ਵੇਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਲੰਬਾ ਸਮਾਂ ਬਤੀਤ ਕੀਤਾ ਉਥੇ ਹੀ ਆਪਣੇ ਨਵੇਂ ਗੀਤ ਦੀ ਸੂਟਿੰਗ ਲਈ ਵੀ ਉਥੇ ਕੀਤੀ। ਇੰਗਲੈਂਡ ‘ਚ ਰਹਿੰਦਾ ਨਾਈਜੀਰੀਅਨ ਮੂਲ ਦਾ ਇਹ ਕਲਾਕਾਰ ਇਸ ਮੌਕੇ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਵੀ ਗਿਆ ਅਤੇ ਉਸ ਦੇ ਖੇਤਾਂ ਸਣੇ ਪਿੰਡ ਦੀਆਂ ਹੋਰ ਥਾਵਾਂ ‘ਤੇ ਵੀ ਘੁੰਮਿਆ। ਟਿਓਨ ਵੇਨ ਨੇ ਪਿੰਡ ਜਵਾਹਰਕੇ ਜਾ ਕੇ ਉਹ ਥਾਂ ਵੀ ਵੇਖਿਆ ਜਿਥੇ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ ਇਸੇ ਮਹੀਨੇ ਦੀ 29 ਤਾਰੀਕ ਨੂੰ ਕਤਲ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸ਼ੁਭਦੀਪ ਨੇ ਇਸ ਕਲਾਕਾਰ ਨਾਲ ਇਕ ਗੀਤ ਕੀਤਾ ਸੀ ਤੇ ਅੱਜ ਟਿਓਨ ਨੇ ਆਪਣੇ ਗੀਤ ਦੀ ਸ਼ੂਟਿੰਗ ਪਿੰਡ ਮੂਸਾ ‘ਚ ਕਰ ਕੇ ਆਪਣੇ ਗੀਤ ਰਾਹੀਂ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਪਿੰਡ, ਘਰ ਤੇ ਖੇਤ ਦਿਖਾਉਣ ਦੀ ਕੋਸ਼ਿਸ ਕੀਤੀ ਹੈ। ਇਸ ਮੌਕੇ ਟਿਓਨ ਨੇ ਬਲਕੌਰ ਸਿੰਘ ਨਾਲ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੀ ਸਵਾਰੀ ਵੀ ਕੀਤੀ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਸ ਨੇ 5911 ਟਰੈਕਟਰ ਦੇ ਮੂਹਰਲੇ ਦੋਵੇਂ ਟਾਇਰ ਹਵਾ ‘ਚ ਚੁੱਕਣ ਵਾਲਾ ਸਟੰਟ ਵੀ ਕੈਮਰੇ ‘ਚ ਕੈਦ ਕੀਤਾ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੇ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ ਜਿਸ ਕਾਰਨ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਜ਼ਿਮਨੀ ਚੋਣ ਦੇ ਮੱਦੇਨਜ਼ਰ ਜਲੰਧਰ ‘ਚ ਜਨਤਾ ਕੋਲ ਜਾ ਕੇ ‘ਜਸਟਿਸ ਫ਼ਾਰ ਸਿੱਧੂ ਮੂਸੇਵਾਲਾ’ ਲਈ ਅਪੀਲ ਕੀਤੀ ਜਾਵੇਗੀ। ਸਰਕਾਰਾਂ ਵੱਲੋਂ ਸਿੱਧੂ ਦੇ ਕਤਲ ਦਾ ਇਨਸਾਫ਼ ਨਾ ਦਿੱਤੇ ਜਾਣ ਅਤੇ ਸਰਕਾਰਾਂ ਵੱਲੋਂ ਗੰਭੀਰਤਾ ਨਾ ਦਿਖਾਏ ਜਾਣ ਦੀ ਗੱਲ ਲੋਕਾਂ ਕੋਲ ਰੱਖਣਗੇ। ਬਲਕੌਰ ਸਿੰਘ 5 ਅਤੇ 6 ਮਈ ਨੂੰ ਜਲੰਧਰ ‘ਚ ਵੱਖ ਵੱਖ ਇਲਾਕਿਆਂ ‘ਚ ‘ਆਪ’ ਦੇ ਖ਼ਿਲਾਫ਼ ਪ੍ਰਚਾਰ ਕਰਨਗੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਹੈ ਕਿ 5 ਮਈ ਨੂੰ ਜਲੰਧਰ ਜਾਣਗੇ। ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ ਅਤੇ ‘ਆਪ’ ਸਰਕਾਰ ਵੱਲੋਂ ਇਸ ਮਾਮਲੇ ‘ਚ ਇਨਸਾਫ਼ ਦੇਣ ਲਈ ਰਵੱਈਆ ਵੀ ਠੀਕ ਨਹੀਂ ਰੱਖਿਆ ਗਿਆ। ਇਸ ਲਈ ਹੁਣ ‘ਜਸਟਿਸ ਫ਼ਾਰ ਸਿੱਧੂ ਮੂਸੇਵਾਲਾ’ ਦੇ ਸਬੰਧ ‘ਚ ਜਲੰਧਰ ਜ਼ਿਮਨੀ ਚੋਣ ‘ਚ ਲੋਕਾਂ ਕੋਲ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਚੋਣਾਂ ਦਾ ਸਮਾਂ ਹੈ ਅਤੇ ਸਰਕਾਰ ਇਲਾਕੇ ‘ਚ ਪੁੱਜੀ ਹੋਈ ਹੈ।