ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਲੋਡ਼ੀਂਦੇ ਦੋ ਗੈਂਗਸਟਰ ਪੁਲੀਸ ’ਚ ਮੁਕਾਬਲੇ ਮਾਰੇ ਜਾਣ ਦੇ ਮਾਮਲੇ ਦੀ ਨਿਆਂਇਕ ਜਾਂਚ ਆਰੰਭ ਹੋ ਗਈ ਹੈ। ਇਹ ਜਾਂਚ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ। ਪੁਲੀਸ ਨਾਲ ਹੋਏ ਮੁਕਾਬਲੇ ਦੇ ਇਸ ਮਾਮਲੇ ਦੀ ਜਾਂਚ ਐੱਸ.ਡੀ.ਐੱਮ. ਅਜਨਾਲਾ ਅਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਹ ਲਗਪਗ ਦੋ ਘੰਟੇ ਘਟਨਾ ਸਥਾਨ ’ਤੇ ਰਹੇ ਅਤੇ ਘਟਨਾ ਬਾਰੇ ਵੇਰਵੇ ਹਾਸਲ ਕੀਤੇ। ਉਨ੍ਹਾਂ ਨੇ ਮੌਕੇ ’ਤੇ ਹਾਜ਼ਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਪੁਲੀਸ ਮੁਕਾਬਲੇ ਦੀ ਮੁਕੰਮਲ ਜਾਣਕਾਰੀ ਲਈ ਅਤੇ ਇਸ ਸਬੰਧ ’ਚ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਇਸੇ ਦੌਰਾਨ ਡੀ.ਜੀ.ਪੀ. ਗੌਰਵ ਯਾਦਵ ਦੇ ਆਦੇਸ਼ਾਂ ’ਤੇ ਇਸ ਮਾਮਲੇ ਦੀ ਜਾਂਚ ਲਈ ਪੁਲੀਸ ਦੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ। ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਲੋਕਾਂ ਮੁਤਾਬਕ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਇਥੇ ਇਕ ਕਾਰ ’ਚ ਲਿਆਂਦਾ ਗਿਆ ਸੀ। ਫੋਰੈਂਸਿਕ ਟੀਮ ਨੇ ਤੀਜੇ ਦਿਨ ਵੀ ਇਸ ਇਲਾਕੇ ’ਚ ਜਾਂਚ ਜਾਰੀ ਰੱਖੀ ਅਤੇ ਉਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਘੋਖੀ ਜਾ ਰਹੀ ਹੈ। ਦੂਜੇ ਪਾਸੇ ਦੋਵੇਂ ਮ੍ਰਿਤਕ ਗੈਂਗਸਟਰਾਂ ਦਾ ਸਵਖਤੇ ਤਿੰਨ ਵਜੇ ਪੁਲੀਸ ਦੇ ਸਖਤ ਸੁੱਰਿਖਆ ਪ੍ਰਬੰਧਾਂ ਹੇਠ ਉਨ੍ਹਾਂ ਦੇ ਜੱਦੀ ਪਿੰਡਾਂ ’ਚ ਅੰਤਿਮ ਸਸਕਾਰ ਕੀਤਾ ਗਿਆ।