ਇੰਡੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਸ਼ਿਖਰ ਧਵਨ ਦੀ ਕਪਤਾਨੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਡੀਆ ਨੇ ਵੈਸਟ ਇੰਡੀਜ਼ ਨੂੰ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਤੇ ਰੋਮਾਂਚਕ ਵਨ ਡੇ ’ਚ 3 ਦੌਡ਼ਾਂ ਨਾਲ ਹਰਾ ਕੇ 1-0 ਦੀ ਬਡ਼੍ਹਤ ਬਣਾ ਲਈ। ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਡੀਆ ਨੇ 7 ਵਿਕਟਾਂ ’ਤੇ 308 ਦੌਡ਼ਾਂ ਦਾ ਚੁਣੌਤੀਪੂਰਨ ਸਕੋਰ ਖਡ਼੍ਹਾ ਕੀਤਾ ਸੀ, ਜਿਸ ਦੇ ਜਵਾਬ ’ਚ ਵੈਸਟਇੰਡੀਜ਼ ਦੀ ਟੀਮ 6 ਵਿਕਟਾਂ ’ਤੇ 305 ਦੌਡ਼ਾਂ ਹੀ ਬਣਾ ਸਕੀ। ਇੰਡੀਆ ਲਈ ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ ਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਲਈਆਂ। ਵੈਸਟ ਇੰਡੀਜ਼ ਵਲੋਂ ਓਪਨਰ ਕਾਇਲ ਮਾਇਰਸ ਨੇ ਸਭ ਤੋਂ ਵੱਧ 75 ਦੌਡ਼ਾਂ ਦੀ ਪਾਰੀ ਖੇਡੀ ਜਦਕਿ ਬ੍ਰੈਂਡਨ ਕਿੰਗ ਨੇ 54 ਤੇ ਸ਼ਮਾਰੂਹ ਬਰੂਕਸ ਨੇ 46 ਦੌਡ਼ਾਂ ਦਾ ਯੋਗਦਾਨ ਦਿੱਤਾ। ਅੰਤ ’ਚ ਅਜੇਤੂ ਬੱਲੇਬਾਜ਼ ਅਕੀਲ ਹੁਸੈਨ 32 ਤੇ ਰੋਮਾਰੀਓ ਸ਼ੈਫਰਡ 38 ਨੇ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ ਵਾਪਸੀ ਕਰਦੇ ਹੋਏ 64 ਦੌਡ਼ਾਂ ਬਣਾਈਆਂ, ਜਦਕਿ ਕਪਤਾਨ ਸ਼ਿਖਰ ਧਵਨ ਸੈਂਕਡ਼ੇ ਤੋਂ 3 ਦੌਡ਼ਾਂ ਨਾਲ ਖੁੰਝ ਗਿਆ ਪਰ ਦੋਵਾਂ ਨੇ ਇੰਡੀਆ ਨੂੰ 308 ਦੌਡ਼ਾਂ ਤਕ ਪਹੁੰਚਾਇਆ ਸੀ। ਦਸੰਬਰ 2020 ਤੋਂ ਬਾਅਦ ਪਹਿਲਾ ਵਨ ਡੇ ਖੇਡ ਰਹੇ ਗਿੱਲ ਨੇ 52 ਗੇਂਦਾਂ ’ਚ 64 ਦੌਡ਼ਾਂ ਬਣਾਈਆਂ, ਜਦਕਿ ਧਵਨ ਨੇ 99 ਗੇਂਦਾਂ ’ਚ 97 ਦੌਡ਼ਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ 57 ਗੇਂਦਾਂ ’ਚ 54 ਦੌਡ਼ਾਂ ਬਣਾਈਆਂ। ਧਵਨ ਤੇ ਗਿੱਲ ਨੇ ਪਹਿਲੀ ਵਿਕਟ ਲਈ 106 ਗੇਂਦਾਂ ’ਚ 109 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਗਿੱਲ 18ਵੇਂ ਓਵਰ ’ਚ ਰਨ ਆਊਟ ਹੋਇਆ ਪਰ ਆਪਣੀ ਪਾਰੀ ’ਚ ਉਸ ਨੇ ਕਈ ਸ਼ਾਨਦਾਰ ਸ਼ਾਟਾਂ ਲਾਈਆਂ। ਵਨ ਡੇ ਕ੍ਰਿਕਟ ’ਚ ਗਿੱਲ ਦਾ ਇਹ ਪਹਿਲਾ ਅਰਧ ਸੈਂਕਡ਼ਾ ਸੀ। ਉਥੇ ਹੀ ਸਿਰਫ ਵਨ ਡੇ ਸਵਰੂਪ ’ਚ ਖੇਡਣ ਵਾਲੇ ਧਵਨ ਨੇ ਆਪਣੀ ਪਾਰੀ ’ਚ 10 ਚੌਕੇ ਤੇ 3 ਛੱਕੇ ਲਾਏ। ਇੰਡੀਆ ਇਕ ਸਮੇਂ 350 ਦੌਡ਼ਾਂ ਦੇ ਪਾਰ ਜਾਂਦਾ ਦਿਸ ਰਿਹਾ ਸੀ ਪਰ ਧਵਨ ਦੇ ਨਰਵਸ ਨਾਈਨਟੀਜ਼ ਦਾ ਸ਼ਿਕਾਰ ਹੋਣ ਤੋਂ ਬਾਅਦ ਮੱਧਕ੍ਰਮ ਡਗਮਗਾ ਗਿਆ। ਧਵਨ ਆਪਣੇ ਕਰੀਅਰ ’ਚ 7ਵੀਂ ਵਾਰ ‘ਨਰਵਸ ਨਾਈਨਟੀਜ਼’ ਦਾ ਸ਼ਿਕਾਰ ਹੋਇਆ ਹੈ।