ਇਟਲੀ ਦੀ ਰਾਜਧਾਨੀ ਰੋਮ ‘ਚ ਇਕ ਵਿਅਕਤੀ ਦੇ ਕੈਫੇ ‘ਚ ਫਾਇਰਿੰਗ ਕਰਨ ਨਾਲ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਦੋਸਤ ਸਮੇਤ 3 ਔਰਤਾਂ ਦੀ ਮੌਤ ਹੋ ਗਈ ਹੈ ਅਤੇ 4 ਹੋਰ ਲੋਕ ਜ਼ਖ਼ਮੀ ਹੋ ਗਏ। ਲਾ ਰਿਪਬਲਿਕਾ ਅਖ਼ਬਾਰ ਨੇ ਦੱਸਿਆ ਕਿ ਘਟਨਾ ਸਮੇਂ ਕੈਫੇ ਦੇ ਅੰਦਰ ਲੋਕ ਸਥਾਨਕ ਬਲਾਕ ਦੀ ਰੈਜ਼ੀਡੈਂਟਸ ਕਮੇਟੀ ਦੇ ਹਿੱਸੇ ਵਜੋਂ ਮੀਟਿੰਗ ਕਰ ਰਹੇ ਸਨ ਅਤੇ ਕਮੇਟੀ ਦੀ ਉਪ ਪ੍ਰਧਾਨ ਲੁਸੀਆਨਾ ਸਿਓਰਬਾ ਫਿਡੇਨ ਵੀ ਕੈਫੇ ‘ਚ ਮੌਜੂਦ ਸੀ। ਉਸ ਦੌਰਾਨ ਇਕ ਹਮਲਾਵਰ ਕੈਫੇ ਦੇ ਅੰਦਰ ਆ ਕੇ ਚੀਕਿਆ ‘ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ’ ਅਤੇ ਅਗਲੇ ਹੀ ਪਲ ਉਸ ਨੇ ਆਪਣੀ ਪਿਸਤੌਲ ਨਾਲ ਫਾਈਰਿੰਗ ਕਰ ਦਿੱਤੀ। ਹਮਲਾਵਰ ਨੂੰ ਕੈਫੇ ‘ਚ ਮੌਜੂਦ ਹੋਰਨਾਂ ਨੇ ਫੜ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਇਸ ਹਮਲੇ ‘ਚ 3 ਔਰਤਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ 2 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਮਾਰੀਆਂ ਗਈਆਂ ਔਰਤਾਂ ਵਿੱਚੋਂ ਇਕ ਦਾ ਨਾਂ ਨਿਕੋਲੇਟਾ ਗੋਲੀਸਾਨੋ ਦੱਸਿਆ ਹੈ, ਜੋ ਉਨ੍ਹਾਂ ਦੀ ਦੋਸਤ ਸੀ। ਇਸ ਤੋਂ ਇਲਾਵਾ ਹੋਰ ਮ੍ਰਿਤਕ ਔਰਤਾਂ ਐਲੀਜ਼ਾਬੇਟਾ ਸਿਲੇਨਜ਼ੀ ਅਤੇ ਸਬੀਨਾ ਸਪੇਰਾਂਡੀਓ ਹਨ। ਰਿਪੋਰਟ ‘ਚ ਦੱਸਿਆ ਗਿਆ ਕਿ ਰੋਮ ਦੇ ਮੇਅਰ ਰਾਬਰਟ ਗੁਆਲਟੀਰੀ ਨੇ ਇਸ ਹਮਲੇ ਨੂੰ ਹਿੰਸਕ ਦੱਸਿਆ ਹੈ।