ਇੰਡੀਆ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪਰੋਹਿਤ ‘ਤੇ ਹੋਰ ਸ਼ਾਮਲ ਸਨ। ਸਭ ਤੋਂ ਪਹਿਲਾਂ ਏਅਰਪੋਰਟ ‘ਤੇ ਰਾਸ਼ਟਰਪਤੀ ਦੇ ਪੁੱਜਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਪਰੰਤ ਰਾਸ਼ਟਰਪਤੀ ਦਾ ਸ੍ਰੀ ਦਰਬਾਰ ਸਾਹਿਬ ਪੁੱਜਣ ‘ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੇ ਹੋਰ ਆਗੂਆਂ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ ‘ਚ ਮਥਾ ਟੇਕਿਆ। ਰਾਸ਼ਟਰਪਤੀ ਨੇ ਗੁਰੂ ਘਰ ‘ਚ ਰੁਮਾਲਾ ਭੇਟ ਕੀਤਾ। ਉਨ੍ਹਾਂ ਕੁਝ ਪਲ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰਾਸ਼ਟਰਪਤੀ ਨੂੰ ਦੋ ਮੰਗ ਪੱਤਰ ਦਿੱਤੇ ਜਿਨ੍ਹਾਂ ‘ਚੋਂ ਇਕ ‘ਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਅਤੇ ਦੂਜੇ ਮੰਗ ਪੱਤਰ ਰਾਹੀਂ ਹਰਿਆਣਾ ‘ਚ ਬਣਾਏ ਗਏ ਵੱਖਰੀ ਗੁਰਦੁਆਰਾ ਕਮੇਟੀ ਐਕਟ ਨੂੰ ਰੱਦ ਕਰਨ ਦੀ ਅਪੀਲ ਕੀਤੀ। ਬਾਅਦ ‘ਚ ਸੂਚਨਾ ਕੇਂਦਰ ਵਿਖੇ ਰਾਸ਼ਟਰਪਤੀ ਨੂੰ ਸਨਮਾਨਿਤ ਵੀ ਕੀਤਾ ਗਿਆ।