ਇੰਗਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਰਿਸ਼ੀ ਸੁਨਕ ਅਤੇ ਲਿਜ਼ ਟਰਸ ਨੇ ਸੋਮਵਾਰ ਦੇਰ ਰਾਤ ਬੀ.ਸੀ.ਸੀ. ਟੈਲੀਵਿਜ਼ਨ ’ਤੇ ਆਪਣੀ ਪਹਿਲੀ ਬਹਿਸ ਕੀਤੀ। ਸਾਬਕਾ ਵਿੱਤ ਮੰਤਰੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਭਾਰਤੀ ਸਮੇਂ ਅਨੁਸਾਰ ਰਾਤ ਡੇਢ ਵਜੇ ਆਹਮੋ-ਸਾਹਮਣੇ ਹੋਏ। ਬੋਰਿਸ ਜਾਨਸਨ ਦਾ ਉਤਰਾਧਿਕਾਰੀ ਬਣਨ ਲਈ ਦੋਵਾਂ ਉਮੀਦਵਾਰਾਂ ਨੇ ਇਕ-ਦੂਜੇ ’ਤੇ ਕਈ ਤਿੱਖੇ ਹਮਲੇ ਕੀਤੇ ਅਤੇ ਆਪਣੀ ਗੱਲ ਵੀ ਲੋਕਾਂ ਸਾਹਮਣੇ ਰੱਖੀ। ਦੋਵਾਂ ਨੇ ਆਰਥਿਕਤਾ ਨੂੰ ਲੈ ਕੇ ਇਕ ਦੂਜੇ ਨੂੰ ਘੇਰ ਲਿਆ। ਸੁਨਕ ਨੇ ਟਰਸ ਨੂੰ ਦੱਸਿਆ ਕਿ ਉਸ ਦੀ ਟੈਕਸ-ਕਟੌਤੀ ਦੀ ਯੋਜਨਾ ਲੱਖਾਂ ਲੋਕਾਂ ਨੂੰ ਦੁੱਖਾਂ ’ਚ ਮਾਰ ਦੇਵੇਗੀ ਅਤੇ ਕੰਜ਼ਰਵੇਟਿਵ ਅਗਲੀਆਂ ਚੋਣਾਂ ’ਚ ਕੀਮਤ ਅਦਾ ਕਰਨਗੇ। ਦੂਜੇ ਪਾਸੇ ਟਰਸ ਨੇ ਦਾਅਵਾ ਕੀਤਾ ਕਿ ਸੁਨਕ ਦੀ ਯੋਜਨਾ ਦੇਸ਼ ਨੂੰ ਮੰਦੀ ਵੱਲ ਲੈ ਜਾਵੇਗੀ। ਵਿਦੇਸ਼ ਸਕੱਤਰ ਅਤੇ ਸਾਬਕਾ ਚਾਂਸਲਰ ਜੋ ਤਿੰਨ ਹਫ਼ਤੇ ਪਹਿਲਾਂ ਤੱਕ ਇਕੋ ਮੰਤਰੀ ਮੰਡਲ ’ਚ ਸਨ। ਅੱਜ ਸਟੋਕ-ਆਨ-ਟ੍ਰੈਂਟ ਦੇ ਵਿਕਟੋਰੀਆ ਹਾਲ ਵਿਖੇ ਸਟੇਜ ’ਤੇ ਇਲਜ਼ਾਮ ਲਗਾ ਰਹੇ ਸਨ। ਇਸੇ ਦੌਰਾਨ ਰਿਸ਼ੀ ਸੂਨਕ (42) ਨੇ ਚੀਨ ਨੂੰ ਮੁਲਕ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਸਦੀ ’ਚ ਕੁਲ ਆਲਮ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਚੀਨ ਤੋਂ ਖ਼ਤਰਾ ਹੈ ਜਿਸ ਦਾ ਸਬੂਤ ਅਮਰੀਕਾ ਤੋਂ ਲੈ ਕੇ ਇੰਡੀਆ ਹਨ ਜਿਨ੍ਹਾਂ ਨੂੰ ਚੀਨ ਨੇ ਨਿਸ਼ਾਨਾ ਬਣਾਇਆ ਹੈ। ਸੂਨਕ ਨੇ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਕੀਤੇ ਜਾਣ ਵਾਲੇ ਕੰਮਾਂ ਦਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਉਹ ਚੀਨੀ ਤਕਨਾਲੋਜੀ ਦੇ ਹਮਲਾਵਰ ਰਵੱਈਏ ਦੇ ਟਾਕਰੇ ਲਈ ‘ਆਜ਼ਾਦ ਮੁਲਕਾਂ’ ਦਾ ਨਾਟੋ ਵਰਗਾ ਫ਼ੌਜੀ ਗੱਠਜੋਡ਼ ਬਣਾਉਣ ਦੀ ਕੋਸ਼ਿਸ਼ ਕਰਨਗੇ। ਸੂਨਕ ਨੇ ਕਿਹਾ, ‘ਜੇਕਰ ਪ੍ਰਧਾਨ ਮੰਤਰੀ ਬਣਿਆ ਤਾਂ ਮੈਂ ਯੂ.ਕੇ. ’ਚ ਚੀਨ ਦੇ ਸਾਰੇ 30 ਕਨਫਿਊਸ਼ਿਅਸ ਇੰਸਟੀਚਿਊਟ ਬੰਦ ਕਰਾਂਗਾ ਜੋ ਇਥੇ ਸਭ ਤੋਂ ਜ਼ਿਆਦਾ ਹਨ।’ ‘ਰੈਡੀ4ਰਿਸ਼ੀ’ ਮੁਹਿੰਮ ਨੇ ਬਿਆਨ ’ਚ ਕਿਹਾ ਕਿ ਨਵੇਂ ਸੁਰੱਖਿਆ ਗੱਠਜੋਡ਼ ਤਹਿਤ ਯੂ.ਕੇ. ਸਾਈਬਰ ਸੁਰੱਖਿਆ, ਟੈਲੀ ਕਮਿਊਨਿਕੇਸ਼ਨਜ਼ ਸੁਰੱਖਿਆ ਅਤੇ ਬੌਧਿਕ ਸੰਪਤੀ ਦੀ ਚੋਰੀ ਨੂੰ ਰੋਕਣ ਲਈ ਕੌਮਾਂਤਰੀ ਪੱਧਰ ’ਤੇ ਤਾਲਮੇਲ ਬਣਾਉਣ ਦੀਆਂ ਕੋਸ਼ਿਸ਼ਾਂ ਕਰੇਗਾ। ਉਨ੍ਹਾਂ ਚੀਨ ’ਤੇ ਯੂ.ਕੇ. ਦੀ ਤਕਨਾਲੋਜੀ ਚੁਰਾਉਣ ਤੇ ’ਵਰਸਿਟੀਆਂ ’ਚ ਘੁਸਪੈਠ ਤੋਂ ਇਲਾਵਾ ਪੂਤਿਨ ਨੂੰ ਯੂਕਰੇਨ ਖ਼ਿਲਾਫ਼ ਜੰਗ ਲਈ ਭਡ਼ਕਾਉਣ, ਤਾਇਵਾਨ ਨੂੰ ਅੱਖਾਂ ਦਿਖਾਉਣ ਅਤੇ ਸ਼ਿਨਜਿਆਂਗ ਤੇ ਹਾਂਗਕਾਂਗ ’ਚ ਮਨੁੱਖੀ ਅਧਿਕਾਰਾਂ ਨੂੰ ਦਬਾਉਣ ਜਿਹੇ ਮੁੱਦੇ ਵੀ ਉਠਾਏ। ਸੂਨਕ ਮੁਤਾਬਕ ਚੀਨ ਵਿਕਾਸਸ਼ੀਲ ਮੁਲਕਾਂ ’ਤੇ ਕਰਜ਼ਾ ਚਾਡ਼੍ਹ ’ਕੇ ਉਨ੍ਹਾਂ ਦੀਆਂ ਸੰਪਤੀਆਂ ’ਤੇ ਕਬਜ਼ੇ ਕਰ ਰਿਹਾ ਹੈ ਜਾਂ ਉਨ੍ਹਾਂ ਦੇ ਸਿਰਾਂ ’ਤੇ ਕੂਟਨੀਤੀ ਦੀ ਬੰਦੂਕ ਤਾਣ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰ ਮੁਲਕਾਂ ਦੇ ਆਗੂਆਂ ਨਾਲ ਮਿਲ ਕੇ ਚੀਨੀ ਖ਼ਤਰੇ ਦੇ ਟਾਕਰੇ ਲਈ ਕੰਮ ਕਰਨਗੇ।