ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ ਪਛਾੜ ਕੇ ਵਿਦੇਸ਼ ਮੰਤਰੀ ਲਿਜ਼ ਟਰਸ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਵਜੋਂ ਚੁਣ ਲਈ ਗਈ ਹੈ। ਉਹ ਬੋਰਿਸ ਜਾਨਸਨ ਦੀ ਜਗ੍ਹਾ ਲਵੇਗੀ। ਲਿਜ਼ ਟਰਸ ਨੂੰ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣ ਲਿਆ ਗਿਆ। ਪਾਰਟੀ ਨੇਤਾ ਚੁਣੇ ਜਾਣ ਮਗਰੋਂ ਲਿਜ਼ ਟਰਸ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਲਿਜ਼ ਟਰਸ ਥੈਰੇਸਾ ਮੇਅ ਅਤੇ ਮਾਰਗਰੇਟ ਥੈਚਰ ਤੋਂ ਬਾਅਦ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਬੋਰਿਸ ਜਾਨਸਨ ਦੇ ਉਤਰਾਧਿਕਾਰੀ ਦੇ ਰੂਪ ‘ਚ ਪਾਰਟੀ ਮੈਂਬਰਾਂ ਨੂੰ ਸਾਬਕਾ ਚਾਂਸਲਰ ਰਿਸ਼ੀ ਸੂਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਵਿਚੋਂ ਕਿਸੇ ਇਕ ਨੂੰ ਚੁਣਨਾ ਸੀ। 42 ਸਾਲ ਦੇ ਸੂਨਕ ਨੂੰ 47 ਸਾਲ ਦੀ ਟਰਸ ਨੇ ਹਰਾ ਦਿੱਤਾ। ਇਸ ਚੋਣ ‘ਚ ਕੰਜ਼ਰਵੇਟਿਵ ਪਾਰਟੀ ਦੇ ਕਰੀਬ 1 ਲੱਖ 60 ਹਜ਼ਾਰ ਤੋਂ ਵੱਧ ਮੈਂਬਰਾਂ ਨੇ ਵੋਟ ਪਾਈ। ਚੋਣ ਤੋਂ ਪਹਿਲਾਂ ਆ ਰਹੇ ਸਰਵੇ ‘ਿਚ ਵੀ ਦੱਸਿਆ ਜਾ ਰਿਹਾ ਸੀ ਕਿ ਰਿਸ਼ੀ ਇਸ ਦੌੜ ‘ਚ ਪਿਛੜ ਗਏ ਹਨ। ਬ੍ਰਿਟਿਸ਼ ਭਾਰਤੀ ਨਾਗਰਿਕ ਸੂਨਕ ਨੇ ਚੋਣ ਪ੍ਰਚਾਨ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਜਿੱਤੇ ਤਾਂ ਮਹਿੰਗਾਈ ‘ਤੇ ਲਗਾਮ ਲਗਾਉਣਗੇ, ਉਥੇ ਟਰਸ ਨੇ ਟੈਕਸ ਵਿਚ ਕਟੌਤੀ ਦਾ ਵਾਅਦਾ ਕੀਤਾ ਸੀ। ਮੁਕਾਬਲੇ ਦੌਰਾਨ 82.6 ਫੀਸਦ ਪੋਲਿੰਗ ਹੋਈ ਤੇ ਟਰੱਸ ਨੂੰ 81,326 ਵੋਟਾਂ ਜਦੋਂਕਿ ਸੂਨਕ ਨੂੰ 60,399 ਵੋਟਾਂ ਪਈਆਂ। ਕੁੱਲ ਮਿਲਾ ਕੇ 1,72,437 ਯੋਗ ਟੋਰੀ ਵੋਟਰਾਂ ਨੇ ਪੋਲਿੰਗ ‘ਚ ਹਿੱਸਾ ਲਿਆ ਤੇ ਇਸ ਦੌਰਾਨ 654 ਵੋਟਾਂ ਰੱਦ ਹੋਈਆਂ। ਨਤੀਜਿਆਂ ਦਾ ਐਲਾਨ ਰਿਟਰਨਿੰਗ ਅਧਿਕਾਰੀ ਤੇ ਕੰਜ਼ਰਵੇਟਿਵ ਪਾਰਟੀ ਦੀ ਤਾਕਤਵਰ 1922 ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬਰੈਡੀ ਨੇ ਕੀਤਾ। ਟਰੱਸ ਨੂੰ 57.4 ਫੀਸਦ ਤੇ ਸੂਨਕ ਨੂੰ 42.6 ਫੀਸਦ ਵੋਟਾਂ ਪਈਆਂ, ਜਿਸ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਕੰਜ਼ਰਵੇਟਿਵ ਪਾਰਟੀ ਅੰਦਰੋਂ ਅੰਦਰੀਂ ਵੰਡੀ ਗਈ ਹੈ। ਬੋਰਿਸ ਜੌਹਨਸਨ ਨੂੰ ਸਾਲ 2019 ‘ਚ ਹੋਈਆਂ ਚੋਣਾਂ ‘ਚ 66.4 ਫੀਸਦ ਵੋਟ ਮਿਲੇ ਸਨ। ਜਿਵੇਂ ਹੀ ਲਿਜ਼ ਦੀ ਚੋਣ ਹੋਈ ਤਾਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਲਿਜ਼ ਟਰਸ ਦੇ ਰਸਮੀ ਤੌਰ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਅਸਤੀਫ਼ਾ ਦੇ ਦੇਵੇਗੀ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਟਰਸ ਦੇ ਨਾਂ ਦਾ ਐਲਾਨ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਹੀ ਪਟੇਲ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਪ੍ਰੀਤੀ ਪਟੇਲ ਨੇ ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਦਿੱਤੇ ਆਪਣੇ ਅਸਤੀਫ਼ੇ ਦੇ ਪੱਤਰ ‘ਚ ਕਿਹਾ ਕਿ ਮੈਂ ਲਿਜ਼ ਟਰਸ ਨੂੰ ਆਪਣਾ ਨਵਾਂ ਨੇਤਾ ਚੁਣੇ ਜਾਣ ‘ਤੇ ਵਧਾਈ ਦਿੰਦੀ ਹਾਂ ਅਤੇ ਨਵੇਂ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੂੰ ਆਪਣਾ ਸਮਰਥਨ ਦਿੰਦੀ ਹਾਂ।