ਯੂਕਰੇਨ ਦੀ ਰਾਜਧਾਨੀ ਕੀਵ ਅਤੇ ਆਸਪਾਸ ਦੇ ਖੇਤਰਾਂ ‘ਚ ਰੂਸ ਵੱਲੋਂ 20 ਤੋਂ ਵੱਧ ਕਰੂਜ਼ ਮਿਜ਼ਾਈਲਾਂ ਅਤੇ ਦੋ ਡਰੋਨ ਦਾਗੇ ਗਏ। ਇਸ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਮੱਧ ਯੂਕਰੇਨ ‘ਚ ਇਕ ਰਿਹਾਇਸ਼ੀ ਇਮਾਰਤ ‘ਤੇ ਹੋਏ ਦੋ ਮਿਜ਼ਾਈਲ ਹਮਲਿਆਂ ‘ਚ ਇਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਗਈ। ਕੀਵ ਸ਼ਹਿਰ ਦੇ ਪ੍ਰਸ਼ਾਸਨ ਅਨੁਸਾਰ ਲਗਭਗ ਦੋ ਮਹੀਨਿਆਂ ‘ਚ ਪਹਿਲੀ ਵਾਰ ਰਾਜਧਾਨੀ ਦੇ ਆਲੇ-ਦੁਆਲੇ ਹਵਾਈ ਹਮਲੇ ਦੇ ਸਾਇਰਨ ਵੱਜੇ ਅਤੇ ਯੂਕਰੇਨ ਦੀ ਹਵਾਈ ਸੈਨਾ ਨੇ ਕੀਵ ‘ਤੇ 11 ਕਰੂਜ਼ ਮਿਜ਼ਾਈਲਾਂ ਅਤੇ ਦੋ ਡਰੋਨਾਂ ਨੂੰ ਰੋਕਿਆ। ਕੀਵ ਤੋਂ ਕਰੀਬ 215 ਕਿਲੋਮੀਟਰ ਦੱਖਣ ‘ਚ ਸਥਿਤ ਉਮਾਨ ਸ਼ਹਿਰ ‘ਚ 9 ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਤੇ ਹਮਲਾ ਕੀਤਾ ਗਿਆ। ਰਾਜਧਾਨੀ ਖੇਤਰ ਦੇ ਗਵਰਨਰ ਇਹੋਰ ਟੈਬੂਰੇਟਸ ਦੇ ਅਨੁਸਾਰ ਹਮਲੇ ‘ਚ 3 ਬੱਚਿਆਂ ਸਮੇਤ 22 ਲੋਕ ਮਾਰੇ ਗਏ। ਯੂਕਰੇਨ ਦੀ ਨੈਸ਼ਨਲ ਪੁਲੀਸ ਮੁਤਾਬਕ 17 ਲੋਕ ਜ਼ਖ਼ਮੀ ਹੋਏ ਹਨ ਅਤੇ 3 ਬੱਚਿਆਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਕਰੂਜ਼ ਮਿਜ਼ਾਈਲਾਂ ਨੂੰ ਉਨ੍ਹਾਂ ਥਾਵਾਂ ‘ਤੇ ਦਾਗਿਆ ਗਿਆ, ਜਿੱਥੇ ਯੂਕਰੇਨ ਦੀ ਫੌਜ ਰਿਜ਼ਰਵ ਯੂਨਿਟਾਂ ਨੂੰ ਯੁੱਧ ਦੇ ਮੈਦਾਨ ‘ਚ ਆਪਣੀ ਤਾਇਨਾਤੀ ਤੋਂ ਪਹਿਲਾਂ ਤਾਇਨਾਤ ਕੀਤਾ ਗਿਆ ਸੀ। ਰੂਸ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਕਿਹਾ, ‘ਹਮਲੇ ‘ਚ ਨਿਸ਼ਾਨਾ ਸਹੀ ਢੰਗ ਨਾਲ ਮਾਰਿਆ ਗਿਆ। ਸਾਰੀਆਂ ਮਨੋਨੀਤ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।’ ਉਨ੍ਹਾਂ ਨਿਸ਼ਾਨਾ ਬਣਾਏ ਜਾਣ ਵਾਲੇ ਕਿਸੇ ਖਾਸ ਖੇਤਰਾਂ ਜਾਂ ਰਿਹਾਇਸ਼ੀ ਇਮਾਰਤਾਂ ਦਾ ਜ਼ਿਕਰ ਨਹੀਂ ਕੀਤਾ। ਪੂਰਬੀ ਸ਼ਹਿਰ ਡਨੀਪਰੋ ਦੇ ਗਵਰਨਰ ਸੇਰਹੀ ਲਿਸਾਕ ਨੇ ਕਿਹਾ ਕਿ ਸ਼ਹਿਰ ‘ਚ ਹੋਏ ਹਮਲੇ ‘ਚ 31 ਸਾਲਾ ਔਰਤ ਤੇ ਉਸ ਦੀ ਦੋ ਸਾਲਾ ਬੇਟੀ ਦੀ ਮੌਤ ਹੋ ਗਈ। ਇਹ ਹਮਲੇ ਅਜਿਹੇ ਸਮੇਂ ਕੀਤੇ ਗਏ ਜਦੋਂ ਕੁਝ ਦਿਨ ਪਹਲਿਾਂ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਫੋਨ ‘ਤੇ ‘ਲੰਬੀ ਅਤੇ ਸਾਰਥਿਕ’ ਗੱਲਬਾਤ ਹੋਈ ਸੀ। ਉਨ੍ਹਾਂ ਅਨੁਸਾਰ ਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਯੂਕਰੇਨ ਅਤੇ ਹੋਰ ਦੇਸ਼ਾਂ ‘ਚ ਸ਼ਾਂਤੀ ਦੂਤ ਭੇਜੇਗੀ।