ਯੂਕਰੇਨ ਦੇ ਸ਼ਹਿਰ ਵਿਚਲੇ ਮਿਊਜ਼ੀਅਮ ‘ਤੇ ਰੂਸ ਦੀ ਫੌਜ ਵੱਲੋਂ ਕੀਤੇ ਮਿਜ਼ਾਈਲ ਹਮਲੇ ‘ਚ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਦਸ ਹੋਰ ਜ਼ਖਮੀ ਹੋ ਗਏ ਹਨ। ਰੂਸ ਦੀ ਸੈਨਾ ਨੇ ਖਾਰਕੀਵ ਖੇਤਰ ਦੇ ਕੋਪਿਆਂਸਕ ਸ਼ਹਿਰ ਦੇ ਅਜਾਇਬਘਰ ‘ਤੇ ਹਮਲਾ ਕਰਨ ਲਈ ਐੱਸ-300 ਮਿਜ਼ਾਈਲ ਦੀ ਵਰਤੋਂ ਕੀਤੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਘਟਨਾ ਸਥਾਨ ਤੋਂ ਇਕ ਵੀਡੀਓ ਸਾਂਝੀ ਕੀਤੀ ਜਿਸ ‘ਚ ਬਚਾਅ ਕਰਮੀ ਨੁਕਸਾਲ ਦਾ ਪਤਾ ਲਾਉਂਦੇ ਅਤੇ ਨੁਕਸਾਨੀ ਹੋਈ ਇਮਾਰਤ ਦਿਖਾਈ ਦੇ ਰਹੀ ਹੈ। ਜ਼ੈਲੇਂਸਕੀ ਨੇ ਕਿਹਾ, ‘ਦਹਿਸ਼ਤਗਰਦ ਮੁਲਕ ਸਾਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸਾਡੇ ਇਤਿਹਾਸ, ਸਾਡੇ ਸੱਭਿਆਚਾਰ, ਸਾਡੇ ਲੋਕਾਂ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।’ ਖਾਰਕੀਵ ਦੇ ਖੇਤਰੀ ਗਵਰਨਰ ਓਲੇਹ ਸਿਨੇਹੁਬੋਵ ਨੇ ਕਿਹਾ ਕਿ ਤਿੰਨ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਸੱਤ ਜਣਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ ਕਿ ਮਲਬੇ ‘ਚ ਦੋ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ ਤੇ ਬਚਾਅ ਕਰਮੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਮਲੇ ਦੇ ਸ਼ੁਰੂਆਤੀ ਦਿਨਾਂ ‘ਚ ਰੂਸੀ ਸੈਨਾ ਨੇ ਕੁਪਿਆਂਸਕ ‘ਤੇ ਕਬਜ਼ਾ ਕਰ ਲਿਆ ਸੀ ਪਰ ਸਤੰਬਰ ‘ਚ ਯੂਕਰੇਨ ਦੀ ਸੈਨਾ ਨੇ ਇਸ ‘ਤੇ ਮੁੜ ਆਪਣਾ ਕੰਟਰੋਲ ਸਥਾਪਤ ਕਰ ਲਿਆ ਸੀ। ਪੱਛਮੀ ਦੇਸ਼ਾਂ ਤੋਂ ਹਥਿਆਰਾਂ ਦੀ ਨਵੀਂ ਸਪਲਾਈ ਅਤੇ ਸੈਨਿਕਾਂ ਨੂੰ ਮਿਲੀ ਸਿਖਲਾਈ ਮਗਰੋਂ ਯੂਕਰੇਨ ਨੇ ਜਵਾਬੀ ਹਮਲੇ ਤੇਜ਼ ਕਰ ਦਿੱਤੇ ਹਨ।