ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੀਆਂ ਦੋ ਰਿਹਾਇਸ਼ੀ ਇਮਾਰਤਾਂ ’ਤੇ ਜ਼ੋਰਦਾਰ ਹਮਲੇ ਕੀਤੇ ਹਨ। ਕੀਵ ਦੇ ਮੇਅਰ ਵਿਤਾਲੀ ਕਲਿਸ਼ਕੋ ਨੇ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਲਬੇ ’ਚੋਂ ਸੱਤ ਸਾਲ ਦੀ ਬੱਚੀ ਨੂੰ ਵੀ ਕੱਢਿਆ ਗਿਆ ਹੈ। ਰੂਸ ਦੀ ਫੌਜ ਵੱਲੋਂ ਪੂਰਬੀ ਖਿੱਤੇ ’ਚ ਹੋਰ ਇਲਾਕਿਆਂ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਾ ਰਹੀ ਹੈ। ਯੂਕਰੇਨ ਦੇ ਸੰਸਦ ਮੈਂਬਰ ਓਲੈਕਸੀ ਗੋਂਚਾਰੇਂਕੋ ਨੇ ਟੈਲੀਗ੍ਰਾਮ ਐਪ ’ਤੇ ਲਿਖਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਕੀਵ ’ਚ 14 ਮਿਜ਼ਾਈਲਾਂ ਦਾਗ਼ੀਆਂ ਗਈਆਂ ਹਨ। ਰੂਸ ਨੇ 5 ਜੂਨ ਤੋਂ ਬਾਅਦ ਅੱਜ ਕੀਵ ’ਤੇ ਇੰਨੇ ਵੱਡੇ ਪੱਧਰ ’ਤੇ ਹਵਾਈ ਹਮਲੇ ਕੀਤੇ ਹਨ। ਕਲਿਸ਼ਕੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਡਰਿਡ ’ਚ ਇਸ ਹਫ਼ਤੇ ਤੋਂ ਸ਼ੁਰੂ ਹੋ ਰਹੇ ਨਾਟੋ ਸਿਖਰ ਸੰਮੇਲਨ ਤੋਂ ਪਹਿਲਾਂ ਇਹ ਸੰਕੇਤਕ ਤੌਰ ’ਤੇ ਹਮਲਾ ਕੀਤਾ ਗਿਆ ਜਾਪਦਾ ਹੈ। ਕੀਵ ’ਚ ਦੋ ਹੋਰ ਧਮਾਕੇ ਵੀ ਸੁਣੇ ਗਏ ਪਰ ਸੰਭਾਵੀ ਜਾਨ-ਮਾਲ ਦੇ ਨੁਕਸਾਨ ਦਾ ਫੌਰੀ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਰੂਸ ਦੀ ਫੌਜ ਨੇ ਪੂਰਬੀ ਲੁਹਾਂਸਕ ਖਿੱਤੇ ’ਤੇ ਮੁਕੰਮਲ ਕਬਜ਼ੇ ਲਈ ਹੰਭਲਾ ਮਾਰਿਆ ਹੈ। ਲੁਹਾਂਸਕ ਦੇ ਗਵਰਨਰ ਸੇਰਹੀ ਹਾਇਦਾਈ ਨੇ ਕਿਹਾ ਕਿ ਰੂਸ ਵੱਲੋਂ ਲਿਸੀਚਾਂਸਕ ਸ਼ਹਿਰ ’ਚ ਹਵਾਈ ਹਮਲੇ ਕਰਕੇ ਟੀ.ਵੀ. ਟਾਵਰ ਅਤੇ ਪੁਲ ਤਬਾਹ ਕਰ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਦੇ ਤਰਜਮਾਨ ਇਗੋਰ ਕੋਨਾਸ਼ੇਂਕੋਵ ਨੇ ਕਿਹਾ ਕਿ ਮਾਸਕੋ ਦੀ ਹਮਾਇਤ ਪ੍ਰਾਪਤ ਵੱਖਵਾਦੀ ਤਾਕਤਾਂ ਨੇ ਹੁਣ ਸਿਵੀਏਰਦੋਨੇਤਸਕ ’ਤੇ ਕਬਜ਼ਾ ਕਰ ਲਿਆ ਹੈ।