ਰੂਸ ਵੱਲੋਂ ਯੂਕਰੇਨ ਦੇ ਪੂਰਬੀ ਉਦਯੋਗਿਕ ਸੂਬੇ ਲੁਹਾਂਸਕ ’ਚ ਅਸਥਾਈ ਤੌਰ ’ਤੇ ਹਮਲੇ ਰੋਕੇ ਜਾਣ ਦੀਆਂ ਖ਼ਬਰਾਂ ਦਰਮਿਆਨ ਸਥਾਨਕ ਗਵਰਨਰ ਨੇ ਦੋਸ਼ ਲਾਇਆ ਹੈ ਕਿ ਰੂਸ ਦੀ ਫੌਜ ਖੇਤਰ ਨੂੰ ਨਰਕ ਬਣਾ ਰਹੀ ਹੈ। ਯੂਕਰੇਨ ਸਰਕਾਰ ਨੇ ਹਮਲੇ ਤੋਂ ਪਹਿਲਾਂ ਦੱਖਣ ’ਚ ਰੂਸ ਦੇ ਕੰਟਰੋਲ ਵਾਲੇ ਖੇਤਰ ਦੇ ਨਿਵਾਸੀਆਂ ਨਾਲ ਕਿਸੇ ਵੀ ਹਾਲ ’ਚ ਇਲਾਕਾ ਛੱਡ ਦੇਣ ਦੀ ਅਪੀਲ ਕੀਤੀ। ਯੂਕਰੇਨ ਦੇ ਪੂਰਬੀ ਅਤੇ ਦੱਖਣੀ ਹਿੱਸੇ ’ਚ ਰੂਸ ਵਲੋਂ ਭਾਰੀ ਬੰਬਾਰੀ ਕੀਤੇ ਜਾਣ ਦੀਆਂ ਖ਼ਬਰਾਂ ਹਨ। ਲੁਹਾਂਸਕ ਦੇ ਗਵਰਨਰ ਸੇਰਹੀ ਹੈਯਦੀ ਨੇ ਕਿਹਾ ਕਿ ਰੂਸੀ ਫੌਜ ਨੇ ਰਾਤ ਸਮੇਂ ਸੂਬੇ ’ਚ 20 ਤੋਂ ਜ਼ਿਆਦਾ ਮੋਰਟਾਰ ਦਾਗੇ ਅਤੇ ਉਸ ਦੀ ਫੌਜ ਦੋਨੇਤਸਕ ਦੀ ਸਰਹੱਦ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਰਮਿਆਨ ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੀ. ਨੇ ਰੂਸ ਦੇ ਕੰਟਰੋਲ ਵਾਲੇ ਦੇਸ਼ ਦੇ ਦੱਖਣੀ ਹਿੱਸੇ ਦੇ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਜਲਦੀ ਤੋਂ ਜਲਦੀ ਇਲਾਕਾ ਛੱਡ ਕੇ ਚਲੇ ਜਾਣ ਨੂੰ ਕਿਹਾ ਹੈ ਤਾਂ ਜੋ ਯੂਕਰੇਨ ਵਲੋਂ ਹਮਲੇ ਕੀਤੇ ਜਾਣ ਦੀ ਸਥਿਤੀ ’ਚ ਰੂਸੀ ਫੌਜੀ ਢਾਲ ਦੇ ਰੂਪ ’ਚ ਉਨ੍ਹਾਂ ਦੀ ਵਰਤੋਂ ਨਾ ਕਰ ਸਕਣ।