ਪੰਜਾਬ ਕਾਂਗਰਸ ਦੇ ਸਾਬਕਾ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ ਦਸ ਮਹੀਨੇ ਬਾਅਦ ਰਿਹਾਅ ਹੋਣ ਮਗਰੋਂ ਅੱਜ ਪਹਿਲੀ ਵਾਰ ਨਵੀਂ ਦਿੱਲੀ ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਮੌਜੂਦਾ ਜਨਰਲ ਸਕੱਤਰ ਪਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਤਸਵੀਰਾਂ ਨਵਜੋਤ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ‘ਚ ਉਹ ਖੁਸ਼ ਨਜ਼ਰ ਆ ਰਹੇ ਹਨ। ਦੋਵਾਂ ਆਗੂਆਂ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਤੁਸੀਂ ਮੈਨੂੰ ਜੇਲ੍ਹ ਭੇਜ ਸਕਦੇ ਹੋ, ਮੈਨੂੰ ਡਰਾ-ਧਮਕਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਤੇ ਮੇਰੇ ਲੀਡਰਾਂ ਲਈ ਮੇਰੀ ਵਚਨਬੱਧਤਾ ਨਾ ਤਾਂ ਝੁਕੇਗੀ ਤੇ ਨਾ ਹੀ ਇਕ ਇੰਚ ਵੀ ਪਿੱਛੇ ਹਟੇਗੀ।’ ਇਥੇ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਅਤੇ ਪਾਰਲੀਮੈਂਟ ‘ਚੋਂ ਉਨ੍ਹਾਂ ਨੂੰ ਅਯੋਗ ਠਹਿਰਾ ਕੇ ਮੈਂਬਰਸ਼ਿਪ ਰੱਦ ਕਰਨ ਸਬੰਧੀ ਪੰਜਾਬ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੋਸ ਮਾਰਚ ਸ਼ੁਰੂ ਕੀਤੇ ਹੋਏ ਹਨ। ਇਸ ਤਹਿਤ ਬੀਤੇ ਦਿਨ ਲੁਧਿਆਣਾ ‘ਚ ਵੀ ਅਜਿਹਾ ਮਾਰਚ ਕੀਤਾ ਗਿਆ ਪਰ ਨਵਜੋਤ ਸਿੱਧੂ ਰਿਹਾਈ ਮਗਰੋਂ ਕਿਸੇ ਰੋਸ ਮਾਰਚ ਜਾਂ ਪਾਰਟੀ ਪ੍ਰੋਗਰਾਮ ‘ਚ ਨਜ਼ਰ ਨਹੀਂ ਆਏ। ਨਾ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਨਵਜੋਤ ਸਿੱਧੂ ਦੀ ਰਿਹਾਈ ਮੌਕੇ ਸਵਾਗਤ ਲਈ ਪਹੁੰਚੇ ਸਨ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਬਾਜ਼ਾਰ ਗਰਮ ਹੈ ਅਤੇ ਪੰਜਾਬ ਕਾਂਗਰਸ ‘ਚ ਜ਼ਬਰਦਸਤ ਫੁੱਟ ਹੋਣ ਦੇ ਕਿਆਸੇ ਲਾਏ ਜਾ ਰਹੇ ਹਨ। ਇਸ ਬਾਰੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿਖੇ ਹੋਣ ਵਾਲੇ ਪੰਜਾਬ ਕਾਂਗਰਸ ਦੇ ਰੋਸ ਮਾਰਚ ਲਈ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਜਾਵੇਗਾ। ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਅੱਜ ਦੀ ਨਵਜੋਤ ਸਿੱਧੂ ਦੀ ਮੁਲਾਕਾਤ ਦੇ ਜ਼ਿਆਦਾ ਵੇਰਵੇ ਤਾਂ ਨਹੀਂ ਮਿਲੇ ਪਰ ਸਮਝਿਆ ਜਾਂਦਾ ਹੈ ਇਹ ਮੁਲਾਕਾਤ ਕਾਫੀ ਖੁਸ਼ਗਵਾਰ ਮਾਹੌਲ ‘ਚ ਹੋਈ। ਕਾਂਗਰਸੀ ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪੰਜਾਬ ਦੀ ਥਾਂ ਇੰਡੀਆ ਪੱਧਰ ‘ਤੇ ਕੋਈ ਜ਼ਿੰਮੇਵਾਰੀ ਸੌਂਪ ਸਕਦੀ ਹੈ ਅਤੇ ਉਹ ਕਰਨਾਟਕ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਵੀ ਅਹਿਮ ਹਿੱਸਾ ਬਣ ਕੇ ਚੋਣ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਹਨ।