ਪੰਜਾਬ ‘ਚ ਨਸ਼ਿਆਂ ਦਾ ਮੁੱਦਾ ਬੇਹੱਦ ਗੰਭੀਰ ਹੈ ਅਤੇ ਕੈਪਟਨ ਸਰਕਾਰ ਤੋਂ ਬਾਅਦ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੀ ਹਾਲੇ ਤੱਕ ਇਸ ਨੂੰ ਰੋਕਣ ‘ਚ ਨਾਕਾਮ ਸਾਬਤ ਹੋ ਰਹੀ ਹੈ। ਇਸ ਗੰਭੀਰ ਮੁੱਦੇ ਦੀ ਲੋਕ ਸਭਾ ‘ਚ ਗੂੰਜ ਪਈ ਅਤੇ ਸਾਰੀਆਂ ਧਿਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਸੁਰ ਅਤੇ ਇਕਜੁੱਟ ਹੋ ਕੇ ਇਸ ਮੁੱਦੇ ‘ਤੇ ਲੜਨ ਦਾ ਸੱਦਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਇਹ ਮੁੱਦਾ ਚੁੱਕਦਿਆਂ ਸਿੱਧਾ ਭਗਵੰਤ ਮਾਨ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾ ਰਹੇ ਹਨ ਜਦਕਿ ਉਹ ਖੁਦ ਪਾਰਲੀਮੈਂਟ ਦੇ ਸੈਸ਼ਨ ‘ਚ ਆਉਣ ਮੌਕੇ ਖੁਦ ਸਵੇਰੇ ਗਿਆਰਾਂ ਵਜੇ ਹੀ ਸ਼ਰਾਬ ਪੀ ਕੇ ਆਉਂਦੇ ਸਨ। ਇਸੇ ਕਾਰਨ ਨਾਲ ਦੀ ਸੀਟ ‘ਤੇ ਬੈਠਣ ਵਾਲੇ ਸੰਸਦ ਮੈਂਬਰ ਸੀਟ ਬਦਲਾਉਣ ਲਈ ਸਪੀਕਰ ਤੱਕ ਪਹੁੰਚ ਕਰਦੇ ਹੁੰਦੇ ਸਨ। ਲੋਕ ਸਭਾ ਮੈਂਬਰਾਂ ਨੇ ਮੰਗ ਕੀਤੀ ਕਿ ਸਰਕਾਰ ਨਸ਼ੇੜੀਆਂ ਨੂੰ ਜੇਲ੍ਹ ਭੇਜਣ ਦੀ ਥਾਂ ਹੋਰ ਮੁੜਵਸੇਬਾ ਕੇਂਦਰ ਬਣਾਏ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹੋਰ ਖੇਡ ਕੰਪਲੈਕਸਾਂ ਦੀ ਉਸਾਰੀ ਕਰਨ ਦੀ ਵੀ ਮੰਗ ਕੀਤੀ। ਭਾਰਤ ‘ਚ ਨਸ਼ਿਆਂ ਦੀ ਸਮੱਸਿਆ ਅਤੇ ਇਸ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ‘ਤੇ ਚਰਚਾ ‘ਚ ਹਿੱਸਾ ਲੈਂਦੇ ਹੋਏ, ਸੰਸਦ ਮੈਂਬਰਾਂ ਨੇ ਪਾਰਟੀ ਲਾਈਨ ਤੋੜਦੇ ਹੋਏ ਮੰਗ ਕੀਤੀ ਕਿ ਕੇਂਦਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੋਵਿਡ ਵਰਗੀ ਰਣਨੀਤੀ ਅਪਣਾਏ। ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ‘ਨਸ਼ੇ ਤਾਂ ਸਕੂਲਾਂ ‘ਚ ਵੀ ਦਾਖ਼ਲ ਹੋ ਗਏ ਹਨ। ਇਥੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਨਸ਼ਿਆਂ ਕਾਰਨ ਲੋਕ ਸੂਬਾ ਛੱਡ ਕੇ ਵਿਦੇਸ਼ਾਂ ‘ਚ ਜਾ ਰਹੇ ਹਨ।’ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਨਸ਼ਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ। ਹੋਰਨਾਂ ਸੰਸਦ ਮੈਂਬਰਾਂ ਨੇ ਵੀ ਅਜਿਹੇ ਵਿਚਾਰ ਪ੍ਰਗਟਾਏ।